ਸਿੱਧੂ ਮੂਸੇਵਾਲਾ ਦੀ ਮਾਂ ਨੇ ਸ਼ੁਭਕਰਨ, ਦੀਪ ਸਿੱਧੂ ਸਣੇ ਹੋਰਨਾਂ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਕਿਹਾ ‘ਉਹ ਦਿਨ ਦੂਰ ਨਹੀਂ ਜਦੋਂ ਇਹ ਸੇਕ ਤੁਹਾਡੇ ਘਰਾਂ ਤੱਕ ਪਹੁੰਚ ਜਾਵੇਗਾ’
ਸਿੱਧੂ ਮੂਸੇਵਾਲਾ (Sidhu Moose wala) ਦੀ ਮਾਤਾ ਚਰਨ ਕੌਰ ਨੇ ਕਿਸਾਨ ਅੰਦੋਲਨ ਦੇ ਦੌਰਾਨ ਖਨੌਰੀ ਬਾਰਡਰ ‘ਤੇ ਮਾਰੇ ਗਏ ਸ਼ੁਭਕਰਨ ਸਿੰਘ, ਦੀਪ ਸਿੱਧੂ, (Deep sidhu) ਸਿੱਧੂ ਮੂਸੇਵਾਲਾ ਅਤੇ ਪੁਲਿਸ ਅਫਸਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਦੇ ਨਾਲ ਉਨ੍ਹਾਂ ਨੇ ਇੱਕ ਕੈਪਸ਼ਨ ਵੀ ਲਿਖਿਆ ਹੈ । ਜਿਸ ‘ਚ ਲਿਖਿਆ ਗਿਆ ਹੈ ‘ਜੇਕਰ ਹਾਲੇ ਵੀ ਇਸ ਸੇਕ ਨੂੰ ਮਹਿਸੂਸ ਨਾ ਕੀਤਾ ਗਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਜਿਹੀ ਅੱਗ ਤੁਹਾਡੇ ਘਰ ਤੱਕ ਪਹੁੰਚ ਜਾਵੇਗੀ’। ਦੱਸ ਦਈਏ ਕਿ ਸ਼ੁਭਕਰਨ ਸਿੰਘ ਬਠਿੰਡਾ ਦੇ ਰਾਮਪੁਰਾ ਫੂਲ ਇਲਾਕੇ ਦੇ ਪਿੰਡ ਬੱਲੋ ਦਾ ਰਹਿਣ ਵਾਲਾ ਸੀ। ਇਸ ਤੋਂ ਇਲਾਵਾ ਹੋਰ ਵੀ ਕਈ ਕਲਾਕਾਰਾਂ ਨੇ ਇਸ ਨੌਜਵਾਨ ਕਿਸਾਨ ਦੀ ਮੌਤ ‘ਤੇ ਦੁੱਖ ਜਤਾਇਆ ਹੈ।
ਹੋਰ ਪੜ੍ਹੋ : ਖਨੌਰੀ ਬਾਰਡਰ ‘ਤੇ ਨੌਜਵਾਨ ਕਿਸਾਨ ਦੀ ਮੌਤ ‘ਤੇ ਪੰਜਾਬੀ ਸਿਤਾਰਿਆਂ ਨੇ ਜਤਾਇਆ ਦੁੱਖ
ਦੱਸਿਆ ਜਾ ਰਿਹਾ ਹੈ ਕਿ ਸ਼ੁਭਕਰਨ ਸਿੰਘ ਦੋ ਕਿੱਲਿਆਂ ਦਾ ਮਾਲਕ ਸੀ ਅਤੇ ਖਨੌਰੀ ਬਾਰਡਰ ‘ਤੇ ਚੱਲ ਰਹੇ ਧਰਨੇ ਪ੍ਰਦਰਸ਼ਨ ‘ਚ ਸ਼ਾਮਿਲ ਹੋਣ ਦੇ ਲਈ ਆਇਆ ਸੀ ।
ਕਿਸਾਨਾਂ ਦੇ ਵੱਲੋਂ ਅੱਜ ਪ੍ਰੈੱਸ ਕਾਨਫਰੰਸ ਕੀਤੀ ਗਈ ਹੈ । ਇਸ ਦੌਰਾਨ ਕਿਸਾਨਾਂ ਨੇ ਕੱਲ੍ਹ ਨੂੰ ਸ਼ੁਭਕਰਨ ਦੇ ਦਿਹਾਂਤ ਦੇ ਰੋਸ ‘ਚ ਕਾਲਾ ਦਿਨ ਮਨਾਉਣ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਕਈ ਪੰਜਾਬੀ ਸਿਤਾਰਿਆਂ ਨੇ ਵੀ ਸ਼ੁਭਕਰਨ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦੱਸ ਦਈਏ ਕਿ ਬੀਤੇ ਦਿਨੀਂ ਇੱਕ ਵੀਡੀਓ ਵੀ ਪੱਛਮੀ ਬੰਗਾਲ ‘ਚ ਵਾਇਰਲ ਹੋਇਆ ਸੀ । ਜਿਸ ‘ਚ ਬੀਜੇਪੀ ਦੀਆਂ ਕੁਝ ਮਹਿਲਾ ਆਗੂ ਪੁਲਿਸ ਅਫ਼ਸਰ ਨੂੰ ਖਾਲਿਸਤਾਨੀ ਕਹਿ ਕੇ ਬੁਲਾ ਰਹੀਆਂ ਸਨ । ਜਿਸ ‘ਤੇ ਪੁਲਿਸ ਅਫਸਰ ਨੇ ਰੋਸ ਜਤਾਇਆ ਸੀ । ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਇਆ ਸੀ ।
ਦੱਸ ਦਈਏ ਕਿ ਕਿਸਾਨ ਪਿਛਲੇ ਕਈ ਦਿਨਾਂ ਤੋਂ ਧਰਨਾ ਪ੍ਰਦਰਸ਼ਨ ਕਰ ਰਹੇ ਹਨ । ਹਰਿਆਣਾ ਦੇ ਨਾਲ ਪੰਜਾਬ ਨੂੰ ਜੋੜਨ ਵਾਲੇ ਸਾਰੇ ਰਸਤਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ । ਜਿੱਥੇ ਭਾਰੀ ਪੁਲਿਸ ਫੋਰਸ ਦੇ ਨਾਲ ਨਾਲ ਸਰਹੱਦ ‘ਤੇ ਕੰਡਿਆਲੀਆਂ ਤਾਰਾਂ ਦੇ ਨਾਲ-ਨਾਲ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ।