ਸ੍ਰੀ ਫਤਿਹਗੜ੍ਹ ਸਾਹਿਬ 'ਚ ਸ਼ਰਧਾ ਭਾਵ ਨਾਲ ਮਨਾਇਆ ਗਿਆ ਸ਼ਹੀਦੀ ਜੋੜ ਮੇਲਾ, ਸਾਹਿਬਜ਼ਾਦਿਆਂ ਨੂੰ ਸ਼ਰਧਾਜਲੀ ਦੇਣ ਵੱਡੀ ਗਿਣਤੀ 'ਚ ਪੁਜੀਆਂ ਸੰਗਤਾਂ
Shaheedi Jod Mela 2023: ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਇਸ ਸਾਲ ਵੀ ਸ਼ਰਧਾ ਭਾਵ ਸ਼ਹੀਦੀ ਜੋੜ ਮੇਲਾ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ 'ਚ ਸੰਗਤ ਸ਼ਹੀਦਾਂ ਦੀ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਵਖੇ ਨਤਮਸਤਕ ਹੋਣ ਪਹੁੰਚੀ। ਸੰਗਤਾਂ ਨੇ ਗੁਰੂ ਘਰ ਵਿੱਚ ਪਹੁੰਚ ਕੇ ਗੁਰੂ ਸਹਿਬਾਨ ਤੇ ਚਾਰ ਸਾਹਿਬਜ਼ਾਦਿਆਂ ਸਣੇ ਧਰਮ ਦੀ ਰੱਖਿਆ ਲਈ ਸ਼ਹੀਦੀ ਦੇਣ ਵਾਲੇ ਸਿੰਘਾਂ ਨੂੰ ਯਾਦ ਕੀਤਾ ਤੇ ਸ਼ਰਧਾਂਜਲੀ ਭੇਂਟ ਕੀਤੀ।
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦੋ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਜੀ ਦੀ ਲਾਸਾਨੀ ਸ਼ਹਾਦਤਦੀ ਯਾਦ 'ਚ ਫ਼ਤਹਿਗੜ੍ਹ ਸਾਹਿਬ ਵਿਖੇ ਤਿੰਨ ਦਿਨ ਤੱਕ ਚੱਲਣ ਵਾਲੇ ਸ਼ਹੀਦੀ ਜੋੜ ਮੇਲ ਲਈ ਵੱਡੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਣ ਲਈ ਪਹੁੰਚ ਰਹੀ ਹੈ। ਇਸ ਦੌਰਾਨ ਸੰਗਤ ਵਲੋਂ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਹੈ।
ਫ਼ਤਹਿਗੜ੍ਹ ਸਾਹਿਬ ਦਾ ਇਤਿਹਾਸ
ਦੱਸ ਦੇਈਏ ਕਿ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਵੀ ਫ਼ਤਹਿਗੜ੍ਹ ਸਾਹਿਬ 'ਚ ਹੈ। ਇਸ ਜ਼ਮੀਨ ਨੂੰ 315 ਸਾਲ ਪਹਿਲਾਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਤੇ ਮਾਤਾ ਗੁਜਰੀ ਜੀ ਦਾ ਸਸਕਾਰ ਕਰਨ ਲਈ ਦੀਵਾਨ ਟੋਡਰ ਮੱਲ ਨੇ ਖ਼ਰੀਦਿਆ ਸੀ। ਟੋਡਰ ਮੱਲ ਨੇ 78 ਹਜ਼ਾਰ ਸੋਨੇ ਦੀਆਂ ਮੋਹਰਾਂ ਚਾਰ ਵਰਗ ਮੀਟਰ ਜ਼ਮੀਨ 'ਤੇ ਵਿਛਾ ਕੇ ਇਹ ਜ਼ਮੀਨ ਖ਼ਰੀਦੀ ਸੀ। ਹੁਣ ਇਸ ਜ਼ਮੀਨ 'ਤੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਸੁਸ਼ੋਭਿਤ ਹੈ। ਗੁਰਦੁਆਰਾ ਸਾਹਿਬ 'ਚ ਜਿੱਥੇ ਪਾਲਕੀ ਸਾਹਿਬ ਸੁਸ਼ੋਭਿਤ ਹੈ, ਉਥੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦਾ ਸਸਕਾਰ ਕੀਤਾ ਗਿਆ ਸੀ। ਨੇੜੇ ਹੀ ਅਸਥੀਆਂ ਜ਼ਮੀਨ ਵਿਚ ਦੱਬੀਆਂ ਗਈਆਂ ਸਨ, ਉਸ ਜਗ੍ਹਾ 'ਤੇ ਸ਼ਸਤਰ ਸੁਸ਼ੋਭਿਤ ਹਨ।
ਜ਼ਿਕਰਯੋਗ ਹੈ ਕਿ ਫ਼ਤਹਿਗੜ੍ਹ ਸਾਹਿਬ ਦੀ ਇਤਿਹਾਸਕ ਧਰਤੀ 'ਤੇ ਹੀ ਵਜ਼ੀਰ ਖਾਨ ਦੇ ਜ਼ੁਲਮ ਅੱਗੇ ਨਾ ਝੁਕਦੇ ਹੋਏ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਨੇ ਸ਼ਹਾਦਤ ਦਾ ਜਾਮ ਪੀਤਾ ਸੀ। ਇਸ ਸਥਾਨ 'ਤੇ ਹੀ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਜੀ ਨੂੰ ਵਜੀਰ ਖਾਨ ਵੱਲੋਂ ਜ਼ਿੰਦਾ ਦੀਵਾਰ 'ਚ ਚਿਣਵਾ ਦਿੱਤਾ ਗਿਆ ਸੀ। ਉਸ ਥਾਂ 'ਤੇ ਹੀ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਸੁਸ਼ੋਭਿਤ ਹੈ ਅਤੇ ਜਿੱਥੇ ਨੀਹਾਂ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਚਿਣਵਾਇਆ ਗਿਆ ਸੀ ,ਉਸ ਥਾਂ 'ਤੇ ਭੋਰਾ ਸਾਹਿਬ ਹੈ। ਅੱਜ ਵੀ ਉਹ ਦੀਵਾਰ ਮੌਜੂਦ ਹੈ।