ਇੰਗਲੈਂਡ ‘ਚ ਆਪਣੀ ਮਾਂ ਵਰਗੀ ਬਜ਼ੁਰਗ ਨੂੰ ਵੇਖ ਕੇ ਰਾਜ ਧਾਲੀਵਾਲ ਹੋਈ ਭਾਵੁਕ, ਕਿਹਾ ‘ਗੁਰੂ ਘਰ ‘ਚ ਆਂਟੀ ਮਿਲੇ,ਲੱਗਿਆ ਮਾਂ ਦੀ ਬੁੱਕਲ ਦਾ ਨਿੱਘ ਮਾਣ ਲਿਆ’
ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਵੇ, ਜਿਸ ਤੋਂ ਛਾਂ ਉਧਾਰੀ ਲੈ ਕੇ ਰੱਬ ਨੇ ਸਵਰਗ ਬਣਾਏ…ਜੀ ਹਾਂ ਮਾਂ ਵਰਗੀ ਘਣਛਾਵੀਂ ਛਾਂ ਦੁਨੀਆ ‘ਤੇ ਕਿਤੇ ਵੀ ਨਹੀਂ ਮਿਲ ਸਕਦੀ । ਇਸ ਦਾ ਦਰਦ ਉਹੀ ਸਮਝ ਸਕਦੇ ਨੇ ਜਿਨ੍ਹਾਂ ਨੇ ਆਪਣੀ ਮਾਂ ਨੂੰ ਹਮੇਸ਼ਾ ਦੇ ਲਈ ਗੁਆ ਦਿੱਤਾ ਹੈ ।
ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਵੇ, ਜਿਸ ਤੋਂ ਛਾਂ ਉਧਾਰੀ ਲੈ ਕੇ ਰੱਬ ਨੇ ਸਵਰਗ ਬਣਾਏ…ਜੀ ਹਾਂ ਮਾਂ ਵਰਗੀ ਘਣਛਾਵੀਂ ਛਾਂ ਦੁਨੀਆ ‘ਤੇ ਕਿਤੇ ਵੀ ਨਹੀਂ ਮਿਲ ਸਕਦੀ । ਇਸ ਦਾ ਦਰਦ ਉਹੀ ਸਮਝ ਸਕਦੇ ਨੇ ਜਿਨ੍ਹਾਂ ਨੇ ਆਪਣੀ ਮਾਂ ਨੂੰ ਹਮੇਸ਼ਾ ਦੇ ਲਈ ਗੁਆ ਦਿੱਤਾ ਹੈ । ਬੱਚੇ ਭਾਵੇਂ ਕਿੰਨੇ ਵੀ ਵੱਡੇ ਕਿਉਂ ਨਾ ਹੋ ਜਾਣ ਪਰ ਮਾਪਿਆਂ ਦੀ ਕਮੀ ਉਨ੍ਹਾਂ ਨੂੰ ਹਮੇਸ਼ਾ ਹੀ ਰਹਿੰਦੀ ਹੈ । ਮਾਪੇ ਨਾ ਸਿਰਫ ਬੱਚਿਆਂ ਨੂੰ ਜਨਮ ਦਿੰਦੇ ਹਨ, ਬਲਕਿ ਜ਼ਿੰਦਗੀ ਦੇ ਹਰ ਔਖੇ ਸੌਖੇ ਪੈਂਡੇ ‘ਤੇ ਬੱਚਿਆਂ ਨੂੰ ਤੁਰਨਾ ਸਿਖਾਉਂਦੇ ਹਨ ।
ਰਾਜ ਧਾਲੀਵਾਲ(Raj Dhaliwal) ਨੇ ਵੀ ਕੁਝ ਸਮਾਂ ਪਹਿਲਾਂ ਆਪਣੀ ਮਾਂ ਨੂੰ ਹਮੇਸ਼ਾ ਦੇ ਲਈ ਗੁਆ ਦਿੱਤਾ ਸੀ । ਇੰਗਲੈਂਡ ਦੇ ਇੱਕ ਗੁਰਦੁਆਰਾ ਸਾਹਿਬ ‘ਚ ਉਨ੍ਹਾਂ ਨੂੰ ਹੁ-ਬ-ਹੂ ਉਨ੍ਹਾਂ ਦੀ ਮਾਂ ਵਰਗੀ ਇੱਕ ਬਜ਼ੁਰਗ ਮਹਿਲਾ ਮਿਲੀ ਤਾਂ ਇੱਕ ਵਾਰ ਤਾਂ ਅਦਾਕਾਰਾ ਨੂੰ ਆਪਣੀ ਮਾਂ ਹੋਣ ਦਾ ਭੁਲੇਖਾ ਜਿਹਾ ਪੈ ਗਿਆ । ਰਾਜ ਧਾਲੀਵਾਲ ਨੇ ਉਸ ਬਜ਼ੁਰਗ ਮਹਿਲਾ ਨੂੰ ਘੁੱਟ ਕੇ ਆਪਣੇ ਕਲਾਵੇ ‘ਚ ਲੈ ਲਿਆ ਅਤੇ ਉਸ ਦੇ ਨਾਲ ਗੱਲਬਾਤ ਵੀ ਕੀਤੀ ।
ਬਜ਼ੁਰਗ ਮਹਿਲਾ ਨੂੰ ਮਿਲ ਕੇ ਭਾਵੁਕ ਹੋਈ ਅਦਾਕਾਰਾ
ਇਸ ਬਜ਼ੁਰਗ ਮਹਿਲਾ ਨੂੰ ਵੇਖ ਕੇ ਰਾਜ ਧਾਲੀਵਾਲ ਨੂੰ ਆਪਣੀ ਮਾਂ ਚੇਤੇ ਆ ਗਈ ਅਤੇ ਉਹ ਆਪਣੀ ਮਾਂ ਦਾ ਭੁਲੇਖਾ ਪਾਉਂਦੀ ਇਸ ਬਜ਼ੁਰਗ ਨੂੰ ਜੱਫੀ ਪਾ ਕੇ ਭਾਵੁਕ ਹੁੰਦੀ ਹੋਈ ਨਜ਼ਰ ਆਈ । ਇਸ ਵੀਡੀਓ ਨੂੰ ਅਦਾਕਾਰਾ ਨੇ ਸਾਂਝਾ ਕਰਦੇ ਹੋਏ ਲਿਖਿਆ ‘ਇੰਗਲੈਂਡ ਗੁਰੁ ਘਰ ‘ਚ ਆਂਟੀ ਮਿਲੇ ਬਣੇ ਤਣੇ ਮੇਰੀ ਮਾਂ ਵਰਗੇ। ਅੱਖਾਂ ਭਰ ਆਈਆਂ । ਲੱਗਿਆ ਮਾਂ ਦੀ ਬੁੱਕਲ ਦਾ ਨਿੱਘ ਮਾਣ ਲਿਆ ਹੋਵੇ ਮਿੰਟਾਂ ਸਕਿੰਟਾਂ ‘ਚ’। ਰਾਜ ਧਾਲੀਵਾਲ ਦੀ ਇਸ ਵੀਡੀਓ ‘ਤੇ ਫੈਨਸ ਦੇ ਵੀ ਖੂਬ ਰਿਐਕਸ਼ਨ ਆ ਰਹੇ ਹਨ ।