ਪੰਜਾਬੀ ਸਿਨੇਮਾ ਨੂੰ ਮਿਲੀ ਵੱਡੀ ਉਪਲਬਧੀ, ਪੰਜਾਬੀ ਫਿਲਮ ਇੰਡਸਟਰੀ ਨੂੰ ਮਿਲੇਗਾ ਖ਼ੁਦ ਦਾ ਸੈਂਸਰ ਬੋਰਡ
Punjabi Film Industry Receive own Censor Board : ਪੰਜਾਬੀ ਸਿਨੇਮਾ ਦਿਨੋਂ-ਦਿਨ ਤਰੱਕੀ ਕਰ ਰਿਹਾ ਹੈ, ਹੁਣ ਪਾਲੀਵੁੱਡ ਕਲਾਕਾਰ ਨਾਂ ਮਹਿਜ਼ ਪੰਜਾਬ 'ਚ ਸਗੋਂ ਬਾਲੀਵੁੱਡ ਤੇ ਵਿਸ਼ਵ ਪੱਧਰ ਉੱਤੇ ਵੀ ਨਾਮ ਕਮਾ ਰਹੇ ਹਨ। ਹਾਲ ਹੀ 'ਚ ਪੰਜਾਬੀ ਸਿਨੇਮਾ ਨੂੰ ਇੱਕ ਹੋਰ ਵੱਡੀ ਉਪਲਧੀ ਹਾਸਲ ਹੋਈ ਹੈ, ਜਲਦ ਹੀ ਪੰਜਾਬੀ ਫਿਲਮ ਇੰਡਸਟਰੀ ਨੂੰ ਆਪਣਾ ਸੈਂਸਰ ਬੋਰਡ ਦਾ ਦਫਤਰ ਮਿਲਣ ਵਾਲਾ ਹੈ ਜਿਸ ਦਾ ਐਲਾਨ ਕੇਂਦਰ ਸਰਕਾਰ ਵੱਲੋਂ ਕੀਤਾ ਗਿਆ ਹੈ।
ਪੰਜਾਬ, ਹਰਿਆਣਾ, ਚੰਡੀਗੜ੍ਹ ਸਮੇਤ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਫਿਲਮ ਨਿਰਮਾਤਾਵਾਂ ਨੂੰ ਹੁਣ ਸੈਂਸਰ ਬੋਰਡ ਵੱਲੋਂ ਮਿਲਣ ਵਾਲੇ ਫਿਲਮ ਸਰਟੀਫਿਕੇਟਾਂ ਲਈ ਦਿੱਲੀ ਜਾਂ ਮੁੰਬਈ ਜਾਣ ਦੀ ਲੋੜ ਨਹੀਂ ਪਵੇਗੀ। ਕੇਂਦਰ ਸਰਕਾਰ ਵੱਲੋਂ ਜਲਦ ਹੀ ਚੰਡੀਗੜ੍ਹ 'ਚ ਸੈਂਸਰ ਬੋਰਡ ਦਾ ਇੱਕ ਰਿਜ਼ਨਲ ਦਫ਼ਤਰ ਖੋਲ੍ਹਿਆ ਜਾ ਰਿਹਾ ਹੈ।
ਇਹ ਦਾਅਵਾ ਪੰਜਾਬੀ ਫਿਲਮ ਐਂਡ ਟੀਵੀ ਐਸੋਈਏਸ਼ਨ (PFTAA) ਨੇ ਕੀਤਾ ਕੀਤਾ ਹੈ। ਦੱਸ ਦਈਏ ਕਿ ਚੰਡੀਗੜ੍ਹ 'ਚ ਇਹ ਦਫਤਰ ਪੰਜਾਬੀ ਅਦਾਕਾਰ ਬੀਨੂੰ ਢਿੱਲੋਂ (Binu Dhillon) ਦੀ ਅਗਵਾਈ 'ਚ ਪਫਟਾ (PFTAA) ਦੀਆਂ ਕੋਸ਼ਿਸ਼ਾਂ ਦੇ ਸਦਕੇ ਖੁੱਲ੍ਹਣ ਜਾ ਰਿਹਾ ਹੈ। ਦੱਸ ਦਈਏ ਕਿ ਬੀਨੂੰ ਢਿੱਲੋਂ ਆਪਣੀ ਪਫਟਾ ਟੀਮ ਦੇ ਨਾਲ ਮਿਲ ਕੇ ਲੰਮੇ ਸਮੇਂ ਤੋਂ ਇਸ ਲਈ ਕੋਸ਼ਿਸ਼ਾਂ ਕਰ ਰਹੇ ਸਨ।
ਇਸ ਸਬੰਧੀ ਬੀਤੇ ਐਤਵਾਰ ਨੂੰ ਕੇਂਦਰੀ ਸੂਚਨਾ ਪ੍ਰੋਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਐਲਾਨ ਕੀਤਾ ਹੈ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਹੁਣ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਲੱਦਾਖ ਅਤੇ ਉਤਰਾਖੰਡ ਦੇ ਫ਼ਿਲਮ ਨਿਰਮਾਤਾਵਾਂ ਲਈ ਚੰਡੀਗੜ੍ਹ 'ਚ ਸੈਂਸਰ ਬੋਰਡ ਦਫਤਰ ਖੋਲ੍ਹਿਆ ਜਾਵੇਗਾ। ਇਸ ਕੇਂਦਰ ਦੇ ਖੁੱਲ੍ਹਣ ਨਾਲ ਫਿਲਮ ਨਿਰਮਾਤਾਵਾਂ ਨੂੰ ਵਿਸ਼ੇਸ਼ ਲਾਭ ਮਿਲੇਗਾ। ਅਨੁਰਾਗ ਠਾਕੁਰ ਨੇ ਇਹ ਐਲਾਨ 5ਵੇਂ ਭਾਰਤੀ ਫਿਲਮ ਫੈਸਟੀਵਲ ਦੇ ਸਮਾਪਤੀ ਸਮਾਰੋਹ ਵਿੱਚ ਕੀਤਾ ਸੀ।
ਇਸ ਐਲਾਨ ਤੋਂ ਬਾਅਦ ਫ਼ਿਲਮ ਅਦਾਕਾਰ ਬੀਨੂੰ ਢਿੱਲੋਂ ਦੀ ਅਗਵਾਈ ਹੇਠ ਮੁਹਾਲੀ ਵਿੱਚ ਹੋਈ ਮੀਟਿੰਗ ਦੌਰਾਨ ਕਲਾਕਾਰਾਂ ਨੇ ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ, ਕੇਂਦਰੀ ਕਾਨੂੰਨ ਮੰਤਰੀ ਅਰਜੁਨ ਮੇਘਵਾਲ ਅਤੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਵੀ ਕੀਤਾ।
ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਵਿਖੇ ਸੈਂਸਰ ਬੋਰਡ ਦਾ ਖੇਤਰੀ ਦਫ਼ਤਰ ਖੁਲ੍ਹਵਾਉਣ ਲਈ ਜਥੇਬੰਦੀ ਵੱਲੋਂ ਕਾਫੀ ਸਮੇਂ ਤੋਂ ਕੋਸ਼ਿਸ਼ਾਂ ਜਾਰੀ ਸਨ। ਬੀਨੂੰ ਢਿੱਲੋਂ ਦੀ ਅਗਵਾਈ ਹੇਠ ਸ਼ਿਵੰਦਰ ਮਾਹਲ, ਗੁਰਪ੍ਰੀਤ ਘੁੱਗੀ (Gurpreet Ghugi), ਮਲਕੀਤ ਰੌਣੀ, ਦੇਵ ਖਰੌੜ, ਰੌਸ਼ਨ ਪ੍ਰਿੰਸ, ਜੱਗੀ ਧੂਰੀ, ਮਨੀ ਔਜਲਾ ਆਦਿ ਦੀ ਅਗਵਾਈ ਹੇਠ ਵਫ਼ਦ ਨੇ ਕੇਂਦਰੀ ਮੰਤਰੀਆਂ ਨਾਲ ਮੁਲਾਕਾਤ ਕਰਕੇ ਸਾਰਾ ਮਾਮਲਾ ਵੀ ਉਨ੍ਹਾਂ ਦੇ ਧਿਆਨ 'ਚ ਲਿਆਂਦਾ ਸੀ।
ਹੋਰ ਪੜ੍ਹੋ: ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਦੇ ਘਰ ਜਲਦ ਗੂੰਜੇਗੀ ਕਿਲਕਾਰੀ, ਜੋੜੇ ਨੇ ਕੀਤਾ ਪ੍ਰੈਗਨੈਂਸੀ ਦਾ ਐਲਾਨ
ਦੱਸਣਯੋਗ ਹੈ ਕਿ ਹਾਲ ਹੀ 'ਚ ਸੰਸਦ ਵਿੱਚ ਇੱਕ ਕਾਨੂੰਨ ਵੀ ਪਾਸ ਕੀਤਾ ਗਿਆ ਸੀ, ਜਿਸ ਦੇ ਤਹਿਤ ਪਾਇਰੇਸੀ ਕਰਨ ਵਾਲਿਆਂ ਨੂੰ ਲੱਖਾਂ ਰੁਪਏ ਦੇ ਜੁਰਮਾਨੇ ਦੇ ਨਾਲ-ਨਾਲ ਜੇਲ੍ਹ ਦੀ ਸਜ਼ਾ ਦੇਣ ਬਾਰੇ ਵੀ ਜ਼ਿਕਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪਾਇਰੇਸੀ ਦੀ ਸਮੱਸਿਆ ਨਾਲ ਨਜਿੱਠਣ ਲਈ 12 ਵਿਸ਼ੇਸ਼ ਅਧਿਕਾਰੀ ਨਿਯੁਕਤ ਕੀਤੇ ਗਏ ਹਨ।