Khalsa Sajna Diwas 2024: ਖਾਲਸਾ ਪੰਥ ਦੇ ਸਾਜਨਾ ਦਿਵਸ ਮੌਕੇ ਜਾਣੋ ਇਸ ਦਾ ਇਤਿਹਾਸ ਤੇ ਮਹੱਤਤਾ, ਕਿੰਝ ਦਸਮ ਪਿਤਾ ਨੇ ਸਿਰਜਿਆ ਖਾਲਸਾ ਪੰਥ

ਵਿਸਾਖੀ ਦਾ ਤਿਉਹਾਰ ਸਿੱਖ ਇਤਿਹਾਸ 'ਚ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਸਿੱਖ ਇਤਿਹਾਸ 'ਚ ਇਸ ਦਿਨ ਨੂੰ ਖਾਲਸੇ ਦੇ ਜਨਮ ਦਿਹਾੜੇ ਵਜੋਂ ਜਾਣਿਆ ਜਾਂਦਾ ਹੈ। 1699 ਦੀ ਵਿਸਾਖੀ ਨੂੰ ਅਨੰਦਪੁਰ ਸਾਹਿਬ ਵਿਖੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਆਓ ਜਾਣਦੇ ਹਾਂ ਅੱਜ ਦੇ ਦਿਨ ਦਾ ਪਵਿੱਤਰ ਇਤਿਹਾਸ ਬਾਰੇ।

By  Pushp Raj April 13th 2024 07:00 AM -- Updated: April 13th 2024 12:07 PM

Khalsa Sajna Diwas: ਵਿਸਾਖੀ ਦਾ ਤਿਉਹਾਰ ਸਿੱਖ ਇਤਿਹਾਸ 'ਚ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਸਿੱਖ ਇਤਿਹਾਸ 'ਚ ਇਸ ਦਿਨ ਨੂੰ ਖਾਲਸੇ ਦੇ ਜਨਮ ਦਿਹਾੜੇ ਵਜੋਂ ਜਾਣਿਆ ਜਾਂਦਾ ਹੈ। 1699 ਦੀ ਵਿਸਾਖੀ ਨੂੰ ਅਨੰਦਪੁਰ ਸਾਹਿਬ ਵਿਖੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਇਸ ਲਈ ਸਮੂਹ ਸਿੱਖ ਭਾਈਚਾਰਾ ਇਸ ਦਿਨ ਨੂੰ ਖਾਲਸਾ ਪੰਥ ਦੇ ਸਾਜਨਾ ਦਿਵਸ ਵਜੋਂ ਮਨਾਉਂਦਾ ਹੈ।  

ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਆਪ  ਦਿੱਤੇ ਸਨ ਇਹ ਦੋ ਨਾਅਰੇ

'ਜੋ ਬੋਲੇ ​​ਸੋ ਨਿਹਾਲ ਸਤਿ ਸ਼੍ਰੀ ਅਕਾਲ' ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ। ਇਹ ਨਾਅਰੇ ਸਿੱਖੀ ਦੀ ਪਛਾਣ ਬਣ ਗਏ। ਅੱਜ ਦੇ ਦਿਨ ਕਈ ਸਿੱਖ ਖੰਡੇ ਬਾਟੇ ਦਾ ਅੰਮ੍ਰਿਤ ਛੱਕਦੇ ਹੋਏ ਸਿੱਖੀ ਸਰੂਪ ਨਾਲ ਜੁੜਦੇ ਹਨ। ਜਾਣਦੇ ਹਾਂ ਅੱਜ ਦੇ ਦਿਨ ਦਾ ਪਵਿੱਤਰ ਇਤਿਹਾਸ ਬਾਰੇ।


ਕਿੰਝ ਹੋਈ ਖਾਲਸਾ ਪੰਥ ਦੀ ਸਥਾਪਨਾ

ਸੰਨ 1664 ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਅਨੰਦਪੁਰ ਸਾਹਿਬ ਗੁਰਦੁਆਰੇ ਦੀ ਉਸਾਰੀ ਕਰਵਾਈ ਸੀ। ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਗੁਰਦੁਆਰੇ ਵਿੱਚ 25 ਸਾਲ ਤੋਂ ਵੱਧ ਸਮਾਂ ਬਿਤਾਇਆ ਸੀ। 

1699 ਵਿੱਚ ਵਿਸਾਖੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿੱਚ ਇੱਕ ਮਹਾ ਸਭਾ ਬੁਲਾਈ ਸੀ, ਇਸ ਸਭਾ 'ਚ ਵੱਖ-ਵੱਖ ਥਾਵਾਂ ਤੋਂ ਲਗਭਗ 80 ਹਜ਼ਾਰ ਸਿੱਖ ਇਕੱਠੇ ਹੋਏ। ਜਦੋਂ ਸਭਾ ਸ਼ੁਰੂ ਹੋਈ ਤਾਂ ਗੁਰੂ ਸਾਹਿਬ ਨੇ ਮਿਆਨ ਵਿਚੋਂ ਤਲਵਾਰ ਕੱਢਦੇ ਹੋਏ ਕਿਹਾ, ਹੈ ਕੋਈ ਅਜਿਹਾ ਸਿੱਖ ਜੋ ਧਰਮ ਲਈ ਆਪਣੇ ਪ੍ਰਾਣਾਂ ਦਾ ਬਲਿਦਾਨ ਦੇ ਸਕੇ। ਇਹ ਸੁਣ ਕੇ ਸਭਾ ਸ਼ਾਂਤ ਹੋ ਗਈ ਅਤੇ ਪੰਜ ਸਿੱਖ ਵਾਰੋ ਵਾਰੀ ਉੱਠੇ ਅਤੇ ਉਹਨਾਂ ਨੇ ਗੁਰੂ ਸਾਹਿਬ ਨੂੰ ਆਪਣਾ ਆਪ ਸੌਂਪ ਦਿੱਤਾ।

ਗੁਰੂ ਸਹਿਬਾਨ ਨੇ ਪੰਜ ਪਿਆਰਿਆਂ ਨੂੰ ਛਕਾਇਆ ਅੰਮ੍ਰਿਤ ਤੇ ਬਣਾਇਆ ਸਿੰਘ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੱਦੇ 'ਤੇ ਭਾਈ ਦਇਆ ਸਿੰਘ, ਧਰਮ ਸਿੰਘ, ਹਿੰਮਤ ਸਿੰਘ, ਮੋਹਕਮ ਸਿੰਘ, ਸਾਹਿਬ ਸਿੰਘ ਨੇ ਸਿਰ ਕਲਮ ਕਰ ਲਿਆ। ਅਸਲ ਵਿੱਚ ਇਹ ਸਿੱਖਾਂ ਦੀ ਦਲੇਰੀ ਦਾ ਇਮਤਿਹਾਨ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿਰ ਦੀ ਬਜਾਏ ਬੱਕਰੇ ਦੀ ਗਰਦਨ ਕੱਟ ਦਿੱਤੀ। ਲੋਕ ਸਮਝਦੇ ਸਨ ਕਿ ਸਿਰ ਵੱਢੇ ਜਾ ਰਹੇ ਹਨ।

 

ਸਿੱਖਾਂ ਨੂੰ ਮਿਲਿਆ 'ਸਿੰਘ' ਤੇ 'ਕੌਰ' ਦਾ ਰੁਤਬਾ 

ਗੁਰੂ ਸਾਹਿਬ ਨੇ ਉਨ੍ਹਾਂ ਪੰਜਾ ਸਿੰਘਾਂ ਨੂੰ ਅੰਮ੍ਰਿਤ ਛਕਾ ਕੇ ਪੰਜ ਪਿਆਰਿਆਂ ਦੀ ਪਦਵੀ ਦਿੱਤੀ ਅਤੇ ਬਾਅਦ ਵਿੱਚ ਉਨ੍ਹਾਂ ਪਾਸੋਂ ਆਪ ਅੰਮ੍ਰਿਤ ਛਕਿਆ। ਖਾਲਸੇ ਦੀ ਸਥਾਪਨਾ ਕਰ ਕੇ ਗੁਰੂ ਸਾਹਿਬ ਨੇ ਇੱਕ ਨਵਾਂ ਪੰਥ ਸਿਰਜਿਆ ਅਤੇ ਜਾਤ-ਪਾਤ, ਰੰਗ-ਭੇਦ ਆਦਿ ਦੇ ਵਿਤਕਰੇ ਨੂੰ ਖਤਮ ਕਰ ਦਿੱਤਾ। ਗੁਰੂ ਸਾਹਿਬ ਨੇ ਅੰਮ੍ਰਿਤ ਛਕਾਉਣ ਤੋਂ ਬਾਅਦ ਮਰਦਾਂ ਦੇ ਨਾਂਅ ਪਿੱਛੇ ‘ਸਿੰਘ’ ਅਤੇ ਔਰਤਾਂ ਦੇ ਨਾਂਅ ਪਿੱਛੇ ‘ਕੌਰ’ ਲਗਾਉਣ ਦਾ ਹੁਕਮ ਦਿੱਤਾ। ਅੰਮ੍ਰਿਤ ਛਕਾਉਣ ਤੋਂ ਬਾਅਦ ਕੇਸ, ਕੰਘਾ, ਕੜਾ, ਕਿਰਪਾਨ ਅਤੇ ਕਛਹਿਰਾ ਹਰ ਸਿੱਖ ਦੀ ਪੋਸ਼ਾਕ ਦਾ ਜ਼ਰੂਰੀ ਹਿੱਸਾ ਬਣ ਗਿਆ।  

ਵਿਸਾਖੀ ਦਾ ਤਿਉਹਾਰ ਸਿੱਖ ਧਰਮ ਦੇ ਲੋਕਾਂ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਗੁਰਦੁਆਰਾ ਵਿਖੇ ਅਪ੍ਰੈਲ ਮਹੀਨੇ ਦੌਰਾਨ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਹੋਲਾ ਮੁਹੱਲਾ ਤਿਉਹਾਰ ਵੀ ਸਿੱਖ ਕੌਮ ਦੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ਼ੁਰੂ ਕੀਤਾ ਗਿਆ ਸੀ।


ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਸੰਸਕਰਨ  

ਗੁਰੂ ਗੋਬਿੰਦ ਸਿੰਘ ਜੀ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਵਿਸਾਖੀ ਦਾ ਤਿਉਹਾਰ ਮਨਾਇਆ। ਉਦੋਂ ਤੋਂ ਇੱਥੇ ਵਿਸਾਖੀ ਨੂੰ ਮੁੱਖ ਤਿਉਹਾਰ ਵਜੋਂ ਮਨਾਇਆ ਜਾਣ ਲੱਗਾ। ਤਖ਼ਤ ਸ੍ਰੀ ਦਮਦਮਾ ਸਾਹਿਬ, ਬਠਿੰਡਾ ਵਿੱਚ ਸਥਿਤ ਹੈ ਅਤੇ ਇਸ ਨੂੰ ਤਲਵੰਡੀ ਸਾਬੋ ਵੀ ਕਿਹਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਜੰਗ ਲੜਦੇ ਹੋਏ ਤਲਵੰਡੀ ਸਾਬੋ ਪਹੁੰਚੇ ਸੀ, ਤਾਂ ਉਨ੍ਹਾਂ ਨੇ ਲੰਮਾ ਸਾਹ (ਦਮ) ਲਿਆ ਜਿਸ ਤੋਂ ਬਾਅਦ ਇਸ ਅਸਥਾਨ ਦਾ ਨਾਮ ਦਮਦਮਾ ਸਾਹਿਬ ਪੈ ਗਿਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਅਸਥਾਨ 'ਤੇ ਲਗਭਗ 15 ਮਹੀਨੇ ਰਹੇ ਅਤੇ ਇੱਥੇ ਹੀ ਉਨ੍ਹਾਂ ਨੇ ਆਦਿ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਸੰਸਕਰਣ ਤਿਆਰ ਕੀਤਾ, ਜੋ ਭਾਈ ਮਨੀ ਸਿੰਘ ਜੀ ਵੱਲੋਂ ਲਿਖਿਆ ਗਿਆ ਸੀ। ਸਿੱਖਾਂ ਦੇ ਬਾਕੀ ਚਾਰ ਤਖ਼ਤਾਂ ਵਿੱਚ ਸ੍ਰੀ ਅਕਾਲ ਤਖ਼ਤ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਤਖ਼ਤ ਸ੍ਰੀ ਪਟਨਾ ਸਾਹਿਬ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਸ਼ਾਮਲ ਹਨ।


ਹੋਰ ਪੜ੍ਹੋ: Baisakhi 2024 : ਵਿਸਾਖੀ ਮੌਕੇ ਟ੍ਰਾਈ ਕਰੋ ਇਹ Top 10 ਪੰਜਾਬੀ ਪਕਵਾਨ, ਜੋ ਤੁਹਾਡੇ ਜਸ਼ਨ ਨੂੰ ਕਰ ਦੇਣਗੇ ਦੁਗਣਾ

ਦੱਸ ਦਈਏ ਵਿਸਾਖੀ ਦਾ ਸ਼ਬਦੀ ਅਰਥ ਮਧਾਣੀ ਵੀ ਕਿਹਾ ਜਾਂਦਾ ਹੈ ਪਰ ਜ਼ਿਆਦਾਤਰ ਲੋਕ ਇਸ ਬਾਰੇ ਨਹੀਂ ਜਾਣਦੇ । ਇਸ ਤੋਂ ਇਲਾਵਾ ਸੱਭਿਆਚਾਰਕ ਪੱਖ ਤੋਂ ਕਿਸਾਨ ਅਪ੍ਰੈਲ ਮਹੀਨੇ ਪੁੱਤਾਂ ਵਾਂਗ ਪਾਲੀ ਕਣਕ ਨੂੰ ਵੇਖ ਕੇ ਖੁਸ਼ ਹੁੰਦਾ ਹੈ ਅਤੇ ਜਸ਼ਨ ਮਨਾਉਣ ਲਈ ਭੰਗੜੇ ਪਾਉਂਦਾ ਹੈ। ਵਿਸਾਖੀ ਮੌਕੇ ਪੰਜਾਬ ਵਿੱਚ ਬਹੁਤ ਸਾਰੀਆਂ ਥਾਵਾਂ ਉੱਤੇ ਸੱਭਿਆਚਾਰਕ ਪ੍ਰੋਗਰਾਮ ਵੀ ਉਲੀਕੇ ਜਾਂਦੇ ਹਨ।


Related Post