ਸੁਰਜੀਤ ਬਿੰਦਰਖੀਆ ਨੇ ਪੰਜਾਬੀ ਇੰਡਸਟਰੀ ਨੂੰ ਦਿੱਤੇ ਸਨ ਕਈ ਹਿੱਟ ਗੀਤ, ਜਾਣੋ ਉਨ੍ਹਾਂ ਦੇ ਸੰਗੀਤਕ ਸਫ਼ਰ ਤੇ ਜ਼ਿੰਦਗੀ ਬਾਰੇ
ਸੁਰਜੀਤ ਬਿੰਦਰਖੀਆ ਪੰਜਾਬੀ ਇੰਡਸਟਰੀ ਦੇ ਸਿਰਮੌਰ ਸਿਤਾਰਿਆਂ ‘ਚ ਆਉਂਦੇ ਹਨ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤਾਂ ਦੇ ਨਾਲ ਨਵਾਜ਼ਿਆ ਸੀ । ਅੱਜ ਉਨ੍ਹਾਂ ਦੀ ਜ਼ਿੰਦਸੁਗੀ ਤੇ ਸੰਗੀਤਕ ਸਫਰ ਬਾਰੇ ਤੁਹਾਨੂੰ ਦੱਸਾਂਗੇ ।
ਸੁਰਜੀਤ ਬਿੰਦਰਖੀਆ (Surjit Bindrakhia) ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰਿਆਂ ਚੋਂ ਇੱਕ ਹਨ । ਕਬੱਡੀ ਤੇ ਰੈਸਲਿੰਗ ਦਾ ਸ਼ੌਂਕ ਰੱਖਣ ਵਾਲੇ ਸੁਰਜੀਤ ਬਿੰਦਰਖੀਆ ਕਦੇ ਗਾਇਕ ਬਣਨਗੇ ।ਇਸ ਬਾਰੇ ਉਨ੍ਹਾਂ ਨੇ ਨਹੀਂ ਸੀ ਸੋਚਿਆ ।ਸੁਰਜੀਤ ਬਿੰਦਰਖੀਆ ਅਜਿਹੇ ਗਾਇਕ ਸਨ ਜਿਨ੍ਹਾਂ ਦਾ ਨਾਮ ਰਹਿੰਦੀ ਦੁਨੀਆ ਤੱਕ ਇਸ ਜਹਾਨ ‘ਤੇ ਰਹੇਗਾ ।
ਸੁਰਜੀਤ ਬਿੰਦਰਖੀਆ ਦਾ ਬਚਪਨ ‘ਤੇ ਪੜ੍ਹਾਈ
ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਇਸ ਨਾ ਭੁੱਲਣ ਵਾਲੇ ਸਿਤਾਰੇ ਸੁਰਜੀਤ ਬਿੰਦਰਖੀਆ ਦਾ ਜਨਮ ਉਨ੍ਹਾਂ ਦਾ ਜਨਮ 15 ਅਪ੍ਰੈਲ 1962‘ਚ ਹੋਇਆ ਸੀ ।ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਇਸ ਫਨਕਾਰ ਨੂੰ ਲੰਬੀ ਹੇਕ ਲਈ ਜਾਣਿਆ ਜਾਂਦਾ ਸੀ ।ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਪਾਏ ਗਏ ਇਸ ਯੋਗਦਾਨ ਲਈ ਉਨ੍ਹਾਂ ਨੂੰ ਦੋ ਹਜ਼ਾਰ 'ਚ ਸਪੈਸ਼ਲ ਜਿਉਰੀ ਫਿਲਮ ਫੇਅਰ ਅਵਾਰਡ ਦੇ ਨਾਲ ਵੀ ਨਵਾਜ਼ਿਆ ਗਿਆ ਸੀ ।
ਹੋਰ ਪੜ੍ਹੋ : ਗਾਇਕਾ ਜਸਮੀਨ ਅਖਤਰ ਨੇ ਮਨਾਇਆ ਜਨਮ ਦਿਨ,ਪਰਿਵਾਰ ਦੇ ਨਾਲ-ਨਾਲ ਖ਼ਾਸ ਸਹੇਲੀ ਮਾਹੀ ਸ਼ਰਮਾ ਨੇ ਵੀ ਕੀਤੀ ਸ਼ਿਰਕਤ
ਉਨ੍ਹਾਂ ਦਾ ਪੂਰਾ ਨਾਂਅ ਸੁਰਜੀਤ ਸਿੰਘ ਬੈਂਸ ਸੀ ।ਉਨ੍ਹਾਂ ਦਾ ਜਨਮ ਸੁੱਚਾ ਸਿੰਘ ਅਤੇ ਮਾਤਾ ਗੁਰਚਰਨ ਕੌਰ ਦੇ ਘਰ ਪਿੰਡ ਬਿੰਦਰਖ ਜੋ ਕਿ ਜ਼ਿਲ੍ਹਾ ਰੋਪੜ 'ਚ ਪੈਂਦਾ ਹੈ ਹੋਇਆ ਸੀ । ਉਨ੍ਹਾਂ ਦੇ ਪਿਤਾ ਪਿੰਡ ਦੇ ਇੱਕ ਪ੍ਰਸਿੱਧ ਰੈਸਲਰ ਸਨ ਅਤੇ ਸੁਰਜੀਤ ਬਿੰਦਰਖੀਆ ਨੇ ਵੀ ਰੈਸਲਿੰਗ ਅਤੇ ਕਬੱਡੀ ਦੇ ਗੁਰ ਆਪਣੇ ਪਿਤਾ ਤੋਂ ਸਿੱਖੇ ।ਸੁਰਜੀਤ ਬਿੰਦਰਖੀਆ ਨੇ ਯੂਨੀਵਰਸਿਟੀ ਪੱਧਰ 'ਤੇ ਰੈਸਲਿੰਗ ਦੇ ਕਈ ਮੁਕਾਬਲਿਆਂ 'ਚ ਵੀ ਭਾਗ ਲਿਆ ਸੀ ।
ਸੁਰਜੀਤ ਬਿੰਦਰਖੀਆ ਦੇ ਸੰਗੀਤਕ ਸਫ਼ਰ ਦੀ ਸ਼ੁਰੂਆਤ
ਉਨ੍ਹਾਂ ਨੇ ਆਪਣੇ ਸੰਗੀਤਕ ਸਫਰ ਦੀ ਸ਼ੁਰੂਆਤ ਬੋਲੀਆਂ ਤੋਂ ਆਪਣੇ ਕਾਲਜ ਦੀ ਭੰਗੜਾ ਟੀਮ ਨਾਲ ਕੀਤੀ ਸੀ । ਉਨ੍ਹਾਂ ਨੇ ਗਾਇਕੀ ਦੇ ਗੁਰ ਆਪਣੇ ਗੁਰੁ ਅਤੁਲ ਸ਼ਰਮਾ ਤੋਂ ਸਿੱਖੇ ।ਗੀਤਕਾਰ ਸ਼ਮਸ਼ੇਰ ਸੰਧੂ ਨੇ ਉਨ੍ਹਾਂ ਵਿਚਲੇ ਹੁਨਰ ਨੂੰ ਪਛਾਣਿਆ ਅਤੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਲੈ ਕੇ ਆਏ ।ਸ਼ਮਸ਼ੇਰ ਸੰਧੂ ਵੱਲੋਂ ਲਿਖੇ ਗਏ ਅਨੇਕਾਂ ਹੀ ਹਿੱਟ ਗੀਤ ਸੁਰਜੀਤ ਬਿੰਦਰਖੀਆ ਨੇ ਗਾਏ ਜਿਨ੍ਹਾਂ ਨੂੰ ਕਿ ਅਤੁਲ ਸ਼ਰਮਾ ਨੇ ਪ੍ਰੋਡਿਊਸ ਕੀਤਾ ਸੀ । ਸੁਰਜੀਤ ਬਿੰਦਰਖੀਆ ਆਪਣੀ ਬੁਲੰਦ ਅਵਾਜ਼ ਕਰਕੇ ਕੁਝ ਹੀ ਸਾਲਾਂ 'ਚ ਮਸ਼ਹੂਰ ਹੋ ਗਏ। ਨੱਬੇ ਦੇ ਦਹਾਕੇ 'ਚ ਸੁਰਜੀਤ ਬਿੰਦਰਖੀਆ ਅਜਿਹੇ ਗਾਇਕ ਸਨ ਜੋ ਆਪਣੀ ਬੁਲੰਦ ਅਤੇ ਬਿਹਤਰੀਨ ਅਵਾਜ਼ ਦੇ ਨਾਲ –ਨਾਲ ਪੰਜਾਬੀ ਮਿਊੋਜ਼ਿਕ ਇੰਡਸਟਰੀ ਨੂੰ ਪੰਜਾਬ ਦੀਆਂ ਰਹੁ ਰੀਤਾਂ ਨੂੰ ਬੜੇ ਹੀ ਸੋਹਣੇ ਅਤੇ ਨਿਵੇਕਲੇ ਢੰਗ ਨਾਲ ਆਪਣੇ ਗੀਤਾਂ 'ਚ ਪੇਸ਼ ਕਰਦੇ ਸਨ ।
ਸੁਰਜੀਤ ਬਿੰਦਰਖੀਆ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ।ਇਸ 'ਚ ਬਿੰਦਰਖੀਆ ਦਾ ਗੀਤ 'ਜੁਗਨੀ' ਵੀ ਸ਼ਾਮਿਲ ਸੀ । ਜਿਸ 'ਚ ਉਨ੍ਹਾਂ ਨੇ ਬੱਤੀ ਸਕਿੰਟਾਂ ਦੀ ਹੇਕ ਲਗਾ ਕੇ ਵਿਸ਼ਵ ਰਿਕਾਰਡ ਕਾਇਮ ਕੀਤਾ ਸੀ । ਉਨ੍ਹਾਂ ਦੇ ਗੀਤ 'ਦੁੱਪਟਾ ਤੇਰਾ ਸੱਤ ਰੰਗ ਦਾ' ਯੂਕੇ ਚਾਰਟਸ ਫਾਰ ਵੀਕਸ 'ਚ ਨੰਬਰ ਇੱਕ ਪੰਜਾਬੀ ਗੀਤ ਬਣ ਗਿਆ ਸੀ । ਪਰ ਇਸ ਤੋਂ ਪਹਿਲਾਂ ਹੀ ਉੱਨੀ ਸੌ ਅੱਸੀ ਅਤੇ ਉੱਨੀ ਸੌ ਨੱਬੇ ਤੋਂ ਹੀ ਉਹ ਪੰਜਾਬ ਦੇ ਪੇਂਡੂ ਇਲਾਕਿਆਂ 'ਚ ਉਹ ਲੋਕ ਗਾਇਕ ਦੇ ਤੌਰ 'ਤੇ ਮਸ਼ਹੂਰ ਹੋ ਚੁੱਕੇ ਸਨ ।ਉਨ੍ਹਾਂ ਨੇ ਆਪਣੇ ਸੰਗੀਤਕ ਕਰੀਅਰ 'ਚ ਬੱਤੀ ਦੇ ਕਰੀਬ ਸੋਲੋ ਆਡਿਓ ਕੈਸੇਟਾਂ ਕੱਢੀਆਂ ।ਕੌਮਾਂਤਰੀ ਪੱਧਰ 'ਤੇ ਉਨ੍ਹਾਂ ਨੂੰ ਸਭ ਤੋਂ ਵੱਡਾ ਬਰੇਕ ਉੱਨੀ ਸੌ ਚਰਾਨਵੇਂ 'ਚ ਮਿਲਿਆ ਜਦੋਂ ਉਨ੍ਹਾਂ ਨੇ ਦੁੱਪਟਾ ਤੇਰਾ ਸੱਤ ਰੰਗ ਦਾ ਨੇ ਉਨ੍ਹਾਂ ਨੂੰ ਸ਼ੌਹਰਤ ਦੀਆਂ ਬੁਲੰਦੀਆਂ 'ਤੇ ਪਹੁੰਚਾ ਦਿੱਤਾ ਸੀ ।
ਸੁਰਜੀਤ ਬਿੰਦਰਖੀਆ ਦਾ ਵਿਆਹ
ਸੁਰਜੀਤ ਬਿੰਦਰਖੀਆ ਦਾ ਵਿਆਹ ਪ੍ਰੀਤ ਕਮਲ ਨਾਲ ਹੋਇਆ ਜਿਨ੍ਹਾਂ ਤੋਂ ਉਨ੍ਹਾਂ ਦੇ ਦੋ ਬੱਚੇ ਹਨ ਇੱਕ ਪੁੱਤਰ ਗੀਤਾਜ਼ ਬਿੰਦਰਖੀਆ ਅਤੇ ਧੀ ਮਿਨਾਜ਼ ਬਿੰਦਰਖੀਆ । ਗੀਤਾਜ਼ ਬਿੰਦਰਖੀਆ ਪਿਤਾ ਦੇ ਨਕਸ਼ੇ ਕਦਮ ‘ਤੇ ਚੱਲਦੇ ਹੋਏ ਗਾਇਕੀ ਤੇ ਅਦਾਕਾਰੀ ਦੇ ਖੇਤਰ ‘ਚ ਸਰਗਰਮ ਹਨ । ਹੁਣ ਤੱਕ ਉਹ ਕਈ ਗੀਤ ਰਿਲੀਜ਼ ਕਰ ਚੁੱਕੇ ਹਨ । ਪਰ ਉਨ੍ਹਾਂ ਨੂੰ ਇੰਡਸਟਰੀ ‘ਚ ਪਛਾਣ ਗੀਤ ‘ਜਿੰਦ ਮਾਹੀ’ ਦੇ ਨਾਲ ਮਿਲੀ । ਪਰ ਉਹ ਆਪਣੇ ਪਿਤਾ ਵਰਗਾ ਰੁਤਬਾ ਹਾਸਲ ਨਹੀਂ ਕਰ ਸਕੇ ।
ਸੁਰਜੀਤ ਬਿੰਦਰਖੀਆ ਦੇ ਹਿੱਟ ਗੀਤ
ਸੁੁੁਰਜੀਤ ਬਿੰਦਰਖੀਆ ਨੇ ਕਈ ਹਿੱਟ ਗੀਤ ਗਾਏ ਹਨ । ਜਿਸ ‘ਚ ਦੁੱਪਟਾ ਤੇਰਾ ਸੱਤ ਰੰਗ ਦਾ, ਤੇਰਾ ਯਾਰ ਬੋਲਦਾ, ਜੋਗੀਆ,ਸਾਨੂੰ ਟੇਢੀ ਟੇਢੀ ਤੱਕਦੀ ਤੂੰ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ ਸਨ । ਜੋ ਕਿ ਅੱਜ ਵੀ ਓਨੇ ਮਕਬੂਲ ਹਨ ਜਿੰਨੇ ਕਿ ਨੱਬੇ ਦੇ ਦਹਾਕੇ ‘ਚ ਪ੍ਰਸਿੱਧ ਸਨ । ਬੇਸ਼ੱਕ ਸੁਰਜੀਤ ਬਿੰਦਰਖੀਆ ਅੱਜ ਸਾਡੇ ਦਰਮਿਆਨ ਮੌਜੂਦ ਨਹੀਂ ਹਨ ਪਰ ਉਹ ਆਪਣੇ ਗੀਤਾਂ ਰਾਹੀਂ ਸਾਡੇ ਦਿਲਾਂ ‘ਚ ਹਮੇਸ਼ਾ ਹੀ ਵੱਸਦੇ ਰਹਿਣਗੇ ।