Carry on Jatta 3: ਗਿੱਪੀ ਗਰੇਵਾਲ ਦੀ ਫ਼ਿਲਮ 'ਕੈਰੀ ਆਨ ਜੱਟਾ-3' ਦਾ ਮੋਸ਼ਨ ਪੋਸਟਰ ਹੋਇਆ ਰਿਲੀਜ਼, ਜਾਣੋ ਕਿਸ ਦਿਨ ਰਿਲੀਜ਼ ਹੋਵੇਗੀ ਫ਼ਿਲਮ
ਗਿੱਪੀ ਗਰੇਵਾਲ ਦੀ ਫ਼ਿਲਮ 'ਕੈਰੀ ਆਨ ਜੱਟਾ-3' ਦਾ ਦਰਸ਼ਕ ਲੰਮੇਂ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ। ਹੁਣ ਫੈਨਜ਼ ਦਾ ਇਹ ਇੰਤਜ਼ਾਰ ਜਲਦ ਹੀ ਖ਼ਤਮ ਹੋਣ ਵਾਲਾ ਹੈ, ਕਿਉਂਕਿ ਹਾਲ ਹੀ ਵਿੱਚ ਇਸ ਫ਼ਿਲਮ ਦਾ ਮੋਸ਼ਨ ਪੋਸਟ ਰਿਲੀਜ਼ ਹੋ ਚੁੱਕਾ ਹੈ ਤੇ ਇਸ ਦੇ ਨਾਲ ਹੀ ਫ਼ਿਲਮ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕੀਤਾ ਗਿਆ ਹੈ।

Film 'Carry on Jatta-3' motion poster: ਮਸ਼ਹੂਰ ਪੰਜਾਬੀ ਗਾਇਕ ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਆਪਣੀ ਅਪਕਮਿੰਗ ਫ਼ਿਲਮ 'ਕੈਰੀ ਆਨ ਜੱਟਾ-3' ਨੂੰ ਲੈ ਕੇ ਸੁਰਖੀਆਂ 'ਚ ਹਨ। ਦਰਸ਼ਕਾਂ ਦੇ ਇੰਤਜ਼ਾਰ ਨੂੰ ਖ਼ਤਮ ਕਰਦੇ ਹੋਏ ਗਿੱਪੀ ਗਰੇਵਾਲ ਤੇ ਉਨ੍ਹਾਂ ਦੀ ਟੀਮ ਨੇ ਹਾਲ ਹੀ ਵਿੱਚ ਫ਼ਿਲਮ ਦਾ ਮੋਸ਼ਨ ਪੋਸਟਰ ਰਿਲੀਜ਼ ਕੀਤਾ ਹੈ।
ਦੱਸ ਦਈਏ ਕਿ ਕੈਰੀ ਆਨ ਜੱਟਾ-3 ਇਹ ਸਾਲ ਦੀਆਂ ਵਿਸ਼ੇਸ ਫ਼ਿਲਮਾਂ ਵਿੱਚੋਂ ਇੱਕ ਹੈ। ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਪਹਿਲਾਂ ਹੀ ਹੋ ਚੁੱਕਿਆ ਹੈ, ਹੁਣ ਫ਼ਿਲਮ ਦਾ ਪਹਿਲਾਂ ਲੁੱਕ ਪੋਸਟਰ ਰਿਲੀਜ਼ ਕੀਤਾ ਗਿਆ ਹੈ।
ਇਸ ਫ਼ਿਲਮ ਦੇ ਪਹਿਲੇ ਮੋਸ਼ਨ ਪੋਸਟਰ ਨੂੰ ਅਦਾਕਾਰ ਤੇ ਗਾਇਕ ਗਿੱਪੀ ਗਰੇਵਾਲ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਸਾਂਝਾ ਕੀਤਾ ਹੈ। ਇਸ ਪੋਸਟਰ ਨੂੰ ਫੈਨਜ਼ ਨਾਲ ਸ਼ੇਅਰ ਕਰਦੇ ਹੋਏ ਗਿੱਪੀ ਗਰੇਵਾਲ ਨੇ ਕੈਪਸ਼ਨ ਵਿੱਚ ਲਿਖਿਆ 'ਅਸੀਂ ਪਾਗਲਪਨ ਦੀ ਤਿੰਨ ਗੁਣਾ ਡੋਜ਼ ਨਾਲ ਵਾਪਸ ਆ ਗਏ ਹਾਂ, ਕੈਰੀ ਆਨ ਜੱਟਾ 3 ਦੀ ਪਹਿਲੀ ਝਲਕ ਆ ਗਈ ਹੈ, #Carryonjatta3 29 ਜੂਨ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ'। ਇਸ ਦੇ ਨਾਲ ਹੀ ਗਾਇਕ ਨੇ ਆਪਣੀ ਇਹ ਪੋਸਟ ਪੂਰੀ ਫ਼ਿਲਮ ਟੀਮ ਨੂੰ ਟੈਗ ਕੀਤੀ ਹੈ।
ਸ਼ੇਅਰ ਕੀਤੇ ਗਏ ਇਸ ਪੋਸਟਰ ਦੇ ਵਿੱਚ ਤੁਸੀਂ ਕਈ ਪੰਜਾਬੀ ਕਲਾਕਾਰਾਂ ਨੂੰ ਇੱਕਠੇ ਵੇਖ ਸਕਦੇ ਹੋ। ਪੋਸਟਰ ਵਿੱਚ ਸਾਰੇ ਕਲਾਕਾਰ ਹਨ ਅਤੇ ਬੈਕਗਾਊਂਡ ਵਿੱਚ ਗੀਤ ਚੱਲ ਰਿਹਾ...' ਕਿਸੇ ਗੱਲ ਦਾ ਗਮ ਨੀ ਕਰਦੇ, ਵੀਰ ਡੇਅਜ਼ ਉੱਤੇ ਕੰਮ ਨੀ ਕਰਦੇ, ਵੀਕਐਂਡ ਉੱਤੇ ਵੀ ਅਸੀਂ ਰਹੀਏ ਨਾਂ ਫ੍ਰੀ, ਕੈਰੀ ਆਨ, ਕੈਰੀ ਆਨ, ਕੈਰੀ ਆਨ ਜੱਟਾ 3।' ਪੋਸਟਰ ਵਿੱਚ ਗਿੱਪੀ ਗਰੇਵਾਲ, ਸੋਨਮ ਬਾਜਵਾ, ਬਿਨੂੰ ਢਿਲੋਂ, ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਬੀ ਐਨ ਸ਼ਰਮਾ, ਸ਼ਿੰਦਾ ਗਰੇਵਾਲ, ਪਾਕਿਸਤਾਨੀ ਅਦਾਕਾਰ ਅਤੇ ਹਾਰਬੀ ਸੰਘਾ ਮੌਜੂਦ ਹਨ।
ਫ਼ਿਲਮ ਕੈਰੀ ਆਨ ਜੱਟਾ ਬਾਰੇ ਗੱਲ ਕਰੀਏ ਤਾਂ ਇਹ ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਵਿਚਕਾਰ ਇੱਕ ਪ੍ਰੇਮ ਕਹਾਣੀ ਨੂੰ ਦਰਸਾਉਂਦੀ ਹੈ। ਇਸ ਤੋਂ ਇਲਾਵਾ ਬੀਨੂੰ ਢਿੱਲੋਂ ਅਤੇ ਕਵਿਤਾ ਕੌਸ਼ਿਕ ਪਤੀ-ਪਤਨੀ ਦੇ ਕਿਰਦਾਰ 'ਚ ਨਜ਼ਰ ਆਉਣਗੇ ਜਦੋਂ ਕਿ ਸ਼ਿੰਦਾ ਗਰੇਵਾਲ ਉਨ੍ਹਾਂ ਦੇ ਬੇਟੇ ਦੀ ਭੂਮਿਕਾ ਨਿਭਾਉਣਗੇ।ਫ਼ਿਲਮ 'ਚ ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਨਰੇਸ਼ ਕਥੂਰੀਆ ਵੀ ਨਜ਼ਰ ਆਉਣਗੇ।
'ਕੈਰੀ ਆਨ ਜੱਟਾ 3' ਦਾ ਨਿਰਦੇਸ਼ਨ ਸਮੀਪ ਕੰਗ ਵੱਲੋਂ ਕੀਤਾ ਗਿਆ ਹੈ ਅਤੇ ਹੰਬਲ ਮੋਸ਼ਨ ਪਿਕਚਰਜ਼ ਵੱਲੋਂ ਨਿਰਮਿਤ ਹੈ। ਇਹ ਕੈਰੀ ਆਨ ਜੱਟਾ 2 (2018) ਦਾ ਸੀਕਵਲ ਹੈ। ਫ਼ਿਲਮ ਵਿੱਚ ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਦੇ ਨਾਲ ਗੁਰਪ੍ਰੀਤ ਘੁੱਗੀ, ਬੀਨੂੰ ਢਿੱਲੋਂ, ਨਾਸਿਰ ਚਿਨਯੋਤੀ, ਜਸਵਿੰਦਰ ਭੱਲਾ, ਬੀ.ਐਨ. ਸ਼ਰਮਾ, ਕਰਮਜੀਤ ਅਨਮੋਲ ਅਤੇ ਉਪਾਸਨਾ ਸਿੰਘ ਅਤੇ ਜੋਤੀ ਸੇਠੀ ਸਹਾਇਕ ਭੂਮਿਕਾਵਾਂ ਵਿੱਚ ਹਨ। ਇਹ ਫਿਲਮ ਗਿੱਪੀ ਗਰੇਵਾਲ ਦੀ ਹੋਮ ਪ੍ਰੋਡਕਸ਼ਨ ਹੈ। ਫਿਲਮ ਦੀ ਪੂਰੀ ਸ਼ੂਟਿੰਗ ਗ੍ਰੇਟ ਯਾਰਮਾਊਥ, ਨੌਰਫੋਕ, ਯੂਕੇ ਵਿੱਚ ਹੋਈ। 'ਕੈਰੀ ਆਨ ਜੱਟਾ 3, 29 ਜੂਨ 2023 ਨੂੰ ਦੁਨੀਆਂ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ।