Film Maurh : ਭਲਕੇ ਰਿਲੀਜ਼ ਹੋਵੇਗੀ ਫ਼ਿਲਮ 'ਮੌੜ', ਕੀ ਡਾਕੂ ਦੇ ਕਿਰਦਾਰ 'ਚ ਲੋਕਾਂ ਨੂੰ ਪਸੰਦ ਆਉਣਗੇ ਐਮੀ ਵਿਰਕ?
ਭਲਕੇ ਯਾਨੀ ਕਿ 9 ਜੂਨ ਨੂੰ ਦੁਨੀਆ ਭਰ ਵਿੱਚ ਐਮੀ ਵਿਰਕ ਤੇ ਦੇਵ ਖਰੋੜ ਦੀ ਨਵੀਂ ਪੰਜਾਬੀ ਫਿਲਮ 'ਮੌੜ' ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਦੀ ਕਹਾਣੀ ਤੋਂ ਲੈ ਕੇ ਕਿਰਦਾਰਾਂ ਤੱਕ ਹਰ ਕੋਈ ਪੰਜਾਬ ਦੀਆਂ ਲੋਕ ਕਥਾਵਾਂ ਦਾ ਇੱਕ ਅਨਿੱਖੜਵਾਂ ਹਿੱਸਾ ਰਿਹਾ ਹੈ, ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਲੋਕਾਂ ਨੂੰ ਐਮੀ ਡਾਕੂ ਦੇ ਰੋਲ ਵਿੱਚ ਪਸੰਦ ਆਉਣਗੇ ਜਾਂ ਨਹੀਂ।
Film Maurh : ਮਸ਼ਹੂਰ ਪੰਜਾਬੀ ਅਦਾਕਾਰ ਤੇ ਗਾਇਕਐਮੀ ਵਿਰਕ ਤੇ ਦੇਵ ਖਰੋੜ ਦੀ ਨਵੀਂ ਪੰਜਾਬੀ ਫਿਲਮ 'ਮੌੜ' 9 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ ਦਾ ਨਿਰਦੇਸ਼ਨ ਜਤਿੰਦਰ ਮੌਹਰ ਨੇ ਕੀਤਾ ਹੈ। ਇਹ ਫਿਲਮ ਪੰਜਾਬੀ ਲੋਕ ਕਹਾਣੀਆਂ ਵਿੱਚ ਮਸ਼ਹੂਰ ਕਿਰਦਾਰ ਜਿਊਣਾ ਮੌੜ ਉੱਤੇ ਬਣੀ ਹੈ। ਇਸ ਫਿਲਮ ਵਿੱਚ ਐਮੀ ਵਿਰਕ ਜਿਊਣਾ ਮੌੜ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਜਿੰਨੀ ਮਜ਼ੇਦਾਰ ਜੱਟ ਜਿਊਣੇ ਮੌੜ ਦੀ ਲੋਕ ਕਥਾ ਹੈ ਓਨੇ ਹੀ ਮਜ਼ੇਦਾਰ ਇਸ ਫਿਲਮ ਨੂੰ ਬਣਾਉਣ ਦੌਰਾਨ ਕੱਸੇ ਬਣੇ।
ਤੁਹਾਨੂੰ ਦਸ ਦੇਈਏ ਕਿ ਫਿਲਮ ਉਸ ਦੌਰ ਦੀ ਹੈ ਜਦੋਂ ਕਿਤੇ ਵੀ ਆਉਣ ਜਾਣ ਲਈ ਘੋੜਿਆਂ ਦੀ ਵਰਤੋਂ ਕੀਤੀ ਜਾਂਦੀ ਸੀ ਤੇ ਜੱਟ ਜਿਊਣਾ ਮੌੜ ਆਪ ਵੀ ਇੱਕ ਘੁੜਸਵਾਰ ਸੀ, ਇਸ ਲਈ ਸ਼ੂਟਿੰਗ ਦੌਰਾਨ ਘੁੜਸਵਾਰੀ ਕਰਨ ਲੱਗਿਆਂ ਬਹੁਤ ਸਾਰੇ ਅਦਾਕਾਰਾਂ ਨੂੰ ਸੱਟਾਂ ਵੀ ਲੱਗੀਆਂ। ਮੀਡੀਆ ਨਾਲ ਗੱਲਬਾਤ ਕਰਦਿਆਂ ਐਮੀ ਵਿਰਕ ਨੇ ਦੱਸਿਆ ਕਿ ਇਹ ਕਿਰਦਾਰ ਉਸ ਲਈ ਕਾਫੀ ਚੁਣੌਤੀਪੂਰਨ ਸੀ।
ਪਹਿਲਾਂ ਉਹ ਇਹ ਰੋਲ ਨਹੀਂ ਕਰਨਾ ਚਾਹੁੰਦੇ ਸਨ, ਉਹ ਇੱਕ ਡਾਕੂ ਦਾ ਰੋਲ ਕਰਨ ਵਿੱਚ ਕਾਫੀ ਅਸਹਿਜ ਮਹਿਸੂਸ ਕਰ ਰਹੇ ਸਨ। ਇਹ ਵਾਜਿਬ ਵੀ ਹੈ, ਕਿਉਂਕਿ ਪੰਜਾਬੀ ਫਿਲਮ ਇੰਡਸਟਰੀ ਵਿੱਚ ਕਈ ਕਲਾਸਿਕ ਫਿਲਮਾਂ ਵਿੱਚ ਲੈਜੇਂਡਰੀ ਕਲਾਕਾਰ ਗੁੱਗੂ ਗਿੱਲ ਤੇ ਯੋਗਰਾਜ ਸਿੰਘ ਨੂੰ ਲੋਕਾਂ ਨੇ ਡਾਕੂ ਦੀ ਕਾਫੀ ਦਮਦਾਰ ਭੂਮਿਕਾ ਨਿਭਾਉਂਦੇ ਦੇਖਿਆ ਹੈ। ਇਸ ਲਈ ਕਿਸੇ ਨਵੇਂ ਕਲਾਕਾਰ ਵੱਲੋਂ ਅਜਿਹੀ ਭੂਮਿਕਾ ਨਿਭਾਉਣਾ ਕਾਫੀ ਰਿਸਕੀ ਹੋ ਸਕਦਾ ਸੀ, ਕਿਉਂਕਿ ਲੋਕਾਂ ਨੂੰ ਇਹ ਰੋਲ ਪਸੰਦ ਆਵੇਗਾ ਜਾਂ ਨਹੀਂ ਇਹ ਇੱਕ ਵੱਡਾ ਸਵਾਲ ਹਮੇਸ਼ਾ ਬਣਿਆ ਰਹਿੰਦਾ ਹੈ। ਖੈਰ ਐਮੀ ਨੇ ਦੱਸਿਆ ਕਿ ਜਦੋਂ ਇਸ ਕਿਰਦਾਰ ਬਾਰੇ ਕਾਰਜ ਗਿੱਲ ਨੇ ਖੁੱਲ੍ਹ ਕੇ ਦੱਸਿਆ ਤਾਂ ਉਹ ਇਹ ਰੋਲ ਕਰਨ ਲਈ ਰਾਜ਼ੀ ਹੋਏ।
ਇਸ ਤੋਂ ਇਲਾਵਾ ਫ਼ਿਲਮ ਦੇ ਟ੍ਰੇਲਰ ਵਿੱਚ ਟਾਈਮਲਾਈਨ ਦਾ ਖਾਸ ਖਿਆਲ ਰੱਖਿਆ ਗਿਆ ਹੈ। ਇਹ ਉਸ ਸਮੇਂ ਦੀ ਕਹਾਣੀ ਹੈ ਜਦੋਂ ਪੰਜਾਬ ਉੱਤੇ ਅੰਗਰੇਜ਼ਾਂ ਦਾ ਨਵਾਂ -ਨਵਾਂ ਕਬਜ਼ਾ ਹੋਇਆ ਸੀ। ਫ਼ਿਲਮ ਦੇ ਸੈਟ ਅਤੇ ਵਿਜ਼ੁਅਲ ਇਫੈਕਟ ਵੀ ਕਾਫੀ ਵਧੀਆ ਹਨ ਤੇ ਦੇਖਣ ਉੱਤੇ ਵਾਕਈ ਫ਼ਿਲਮ ਉਸ ਜ਼ਮਾਨੇ ਦੀ ਲਗਦੀ ਹੈ ਜਿਸ ਜ਼ਮਾਨੇ ਦੀ ਨਿਰਦੇਸ਼ਕ ਦਿਖਾਉਣਾ ਚਾਹੁੰਦੇ ਹਨ। ਫ਼ਿਲਮ ਵਿੱਚ ਐਮੀ ਵਿਰਕ ਤੇ ਦੇਵ ਖਰੋੜ ਤੋਂ ਇਲਾਵਾ ਨਾਇਕਰਾ ਕੌਰ, ਕੁਲਜਿੰਦਰ ਸਿੱਧੂ, ਵਿਕਰਮਜੀਤ ਵਿਰਕ, ਅਮੀਕ ਵਿਰਕ, ਪਰਮਵੀਰ ਸਿੰਘ, ਜਰਨੈਲ ਸਿੰਘ, ਮਾਰਕ ਰੰਧਾਵਾ, ਅਤੇ ਰਿਚਾ ਭੱਟ ਮੁੱਖ ਭੂਮਿਕਾਵਾਂ ਵਿੱਚ ਹਨ।
"ਮੌੜ" ਜਤਿੰਦਰ ਮੌਹਰ ਵੱਲੋਂ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ, ਜਿਸ ਦੇ ਸੰਵਾਦ ਜਤਿੰਦਰ ਲਾਲ ਦੁਆਰਾ ਲਿਖੇ ਗਏ ਹਨ।ਦੇਵ ਖਰੋੜ ਤੇ ਐਮੀ ਵਿਰਕ ਦੀ ਇਸ ਧਮਾਕੇਦਾਰ ਜੋੜੀ ਨੂੰ ਐਕਸ਼ਨ ਨਾਲ ਭਰੂਪਰ ਫ਼ਿਲਮ 'ਮੌੜ' ਵਿੱਚ ਦੇਖਣ ਲਈ ਫੈਨਸ ਕਾਫੀ ਉਤਸ਼ਾਹਿਤ ਹਨ। 9 ਜੂਨ ਨੂੰ ਰਿਲੀਜ਼ ਹੋ ਰਹੀ ਇਹ ਫ਼ਿਲਮ ਦੇ ਹਿੱਟ ਹੋਣ ਦੀ ਪੂਰੀ ਉਮੀਦ ਕੀਤੀ ਜਾ ਰਹੀ ਹੈ।