ਮੁੁੜ ਵਿਵਾਦਾਂ 'ਚ ਘਿਰੇ ਸੂਫੀ ਗਾਇਕ ਹੰਸਰਾਜ ਹੰਸ, ਡੇਰਾ ਲਾਲ ਬਾਦਸ਼ਾਹ ਦੇ ਫੰਡਾਂ ਨੂੰ ਲੈ ਕੇ ਗਾਇਕ 'ਤੇ ਲੱਗੇ ਗੰਭੀਰ ਦੋਸ਼
Hansraj Hans Controversy : ਮਸ਼ਹੂਰ ਸੂਫੀ ਗਾਇਕ ਤੇ ਰਾਜ ਸਭਾ ਮੈਂਬਰ ਹੰਸਰਾਜ ਹੰਸ (Hansraj Hans) ਮੁੜ ਇੱਕ ਵਾਰ ਫਿਰ ਤੋਂ ਵਿਵਾਦਾਂ 'ਚ ਆ ਗਏ ਹਨ। ਗਾਇਕ ਉੱਤੇ ਕਈ ਗੰਭੀਰ ਦੋਸ਼ ਲਗਾਏ ਗਏ ਹਨ। ਗਾਇਕ ਉੱਤੇ ਅਲਮਸਤ ਬਾਪੂ ਡੇਰਾ ਲਾਲ ਬਾਦਸ਼ਾਹ ਜੋ ਕਿ ਇੱਕ ਧਾਰਮਿਕ ਸਥਾਨ ਦੇ ਚੜਾਵੇ ਦਾ ਗ਼ਲਤ ਇਸਤੇਮਾਲ ਕੀਤੇ ਜਾਣ ਦੇ ਦੋਸ਼ ਹਨ।
ਦੱਸ ਦਈਏ ਕਿ ਹੰਸਰਾਜ ਹੰਸ ਨੂੰ ਅਲਮਸਤ ਬਾਪੂ ਡੇਰਾ ਲਾਲ ਬਾਦਸ਼ਾਹ ਵਿਖੇ ਬਤੌਰ ਸਾਈਂ ਗੱਦੀ ਮਿਲੀ ਹੋਈ ਹੈ। ਮੀਡੀਆ ਰਿਪੋਰਟਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਗਾਇਕ ਹੰਸਰਾਜ ਹੰਸ ਅਤੇ ਮੌਜੂਦਾ ਪ੍ਰਬੰਧਕ ਕਮੇਟੀ ਉੱਤੇ ਫਰਜ਼ੀ ਬਿੱਲਾਂ ਦੀ ਆੜ ਵਿੱਚ ਡੇਰੇ ਦੇ ਫੰਡਾਂ ਦੀ ਦੁਰਵਰਤੋਂ ਕੀਤੇ ਜਾਣ ਦੇ ਗੰਭੀਰ ਦੋਸ਼ ਲਗਾਏ ਗਏ ਹਨ।
ਗਾਇਕ ਦੇ ਖਿਲਾਫ ਇਹ ਦੋਸ਼ ਕੁੰਦਨ ਸਾਈਂ, ਆਲ ਪੰਜਾਬ ਟਰੱਕ ਯੂਨੀਅਨ ਸਣੇ ਕਈ ਹੋਰ ਲੱਕਾਂ ਨੇ ਲਗਾਏ ਹਨ। ਸ਼ਿਕਾਇਤ ਕਰਤਾ ਵੱਲੋਂ ਜ਼ਿਲ੍ਹੇ ਦੇ ਡੀਸੀ ਨੂੰ ਸ਼ਿਕਾਇਤ ਪੱਤਰ ਸੌਂਪ ਕੇ ਬਣਦੀ ਕਾਰਵਾਈ ਕਰਨ ਲਈ ਅਪੀਲ ਕੀਤੀ ਹੈ। ਇਸ ਮਾਮਲੇ ਵਿੱਚ ਖਾਸ ਤੌਰ 'ਤੇ ਫਰਜੀ ਬਿੱਲਾਂ ਦੇ ਇਸਤੇਮਾਲ ਅਤੇ ਸਾਲਾਨਾ ਮੇਲੇ ਦੇ ਦੌਰਾਨ ਚੜਾਏ ਗਏ ਸੋਨੇ ਦਾ ਜ਼ਿਕਰ ਕੀਤਾ ਗਿਆ ਹੈ। ਇਸ ਦੌਰਾਨ ਸ਼ਿਕਾਇਤ ਕਰਤਾ ਵੱਲੋਂ ਇੱਕ ਮਹਿਲਾ ਵਿਧਾਇਕ ਉੱਤੇ ਵੀ ਦੋਸ਼ ਲਗਾਏ ਹੋਏ ਹਨ।
ਸ਼ਿਕਾਇਤ ਕਰਤਾ ਪੱਖ ਨੇ ਡਿਪਟੀ ਕਮਿਸ਼ਨਰ ਕੋਲੋਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਸੰਸਦ ਮੈਂਬਰ ਹੰਸਰਾਜ ਹੰਸ ਤੇ ਇਸ ਮਾਮਲੇ ਵਿੱਚ ਸ਼ਾਮਲ ਹਲਕਾ ਵਿਧਾਇਕ ਇਸ ਹੇਰਫੇਰ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ। ਇਸ ਧੋਖਾਧੜੀ ਦੇ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਮੁਲਜ਼ਮਾਂ ਉੱਤੇ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਹਜ਼ਾਰਾਂ ਲੋਕਾਂ ਦੀ ਸ਼ਰਧਾ ਤੇ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਨਾਂ ਹੋ ਸਕੇ।
ਫਿਲਹਾਲ ਹੰਸਰਾਜ ਹੰਸ ਵੱਲੋਂ ਅਜੇ ਤੱਕ ਇਸ ਮਾਮਲੇ ਉੱਤੇ ਆਪਣਾ ਕੋਈ ਅਧਿਕਾਰਿਤ ਬਿਆਨ ਨਹੀਂ ਦਿੱਤਾ ਹੈ। ਦੱਸਣਯੋਗ ਹੈ ਕਿ ਹੰਸਰਾਜ ਹੰਸ ਨੇ ਸਾਲ 2008 ਵਿੱਚ ਡੇਰਾ ਲਾਲ ਬਾਦਸ਼ਾਹ ਦੀ ਕਮੇਟੀ ਵਿੱਚ ਸ਼ਮੂਲੀਅਤ ਕੀਤੀ ਸੀ। ਦੱਸਣਯੋਗ ਹੈ ਕਿ ਗਾਇਕ ਹੰਸਰਾਜ ਹੰਸ ਇਸ ਤੋਂ ਪਹਿਲਾਂ ਵੀ ਗਾਇਕ ਜਸਬੀਰ ਜੱਸੀ (Jasbir Jassi) ਵੱਲੋਂ ਦਿੱਤੇ ਗਏ ਇੱਕ ਬਿਆਨ ਉੱਤੇ ਟਿੱਪਣੀਆਂ ਕਰਨ ਨੂੰ ਲੈ ਕੇ ਵਿਵਾਦਾਂ ਵਿੱਚ ਸਨ।
ਹੋਰ ਪੜ੍ਹੋ: ਗਿੱਪੀ ਗਰੇਵਾਲ ਦੀ ਫਿਲਮ 'ਜੱਟ ਨੂੰ ਚੁੜੈਲ ਟੱਕਰੀ' ਦਾ ਗੀਤ '90-90 ਹੋਇਆ ਰਿਲੀਜ਼, ਵੇਖੋ ਵੀਡੀਓ
ਸੂਫੀ ਗਾਇਕ ਹੰਸਰਾਜ ਹੰਸ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਗਾਇਕ ਨੇ ਪੰਜਾਬੀ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਗਾਇਕ ਨੇ 'ਨੀ ਵਣਜਾਰਨ ਕੁੜੀਏ' , 'ਤੇਰਾ ਮੇਰਾ ਪਿਆਰ ' 'ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾ' ਸਣੇ ਕਈ ਹੋਰ ਗੀਤ ਗਾਏ ਹਨ। ਗਾਇਕ ਨੂੰ ਪੰਜਾਬ ਸਰਕਾਰ ਵੱਲੋਂ ਰਾਜ ਗਾਇਕ ਵਜੋਂ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।