ਦੀਪ ਸਿੱਧੂ ਦੀ ਦੂਜੀ ਬਰਸੀ ਅੱਜ, ਜਾਣੋ ਅਦਾਕਾਰ ਦੀ ਜ਼ਿੰਦਗੀ ਨਾਲ ਜੁੜੀਆਂ ਖਾਸ ਗੱਲਾਂ
Deep Sidhu Death Anniversary: ਅਦਾਕਾਰ-ਕਾਰਕੁੰਨ ਦੀਪ ਸਿੱਧੂ (Deep Sidhu) ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਿਹਾਂ ਨੂੰ ਅੱਜ ਇੱਕ ਸਾਲ ਪੂਰਾ ਹੋ ਚੁੱਕਿਆ ਹੈ। ਦੀਪ ਸਿੱਧੂ ਦੀ ਬਰਸੀ ਮੌਕੇ ਜਾਣੋ ਅਦਾਕਾਰ ਦੀ ਜ਼ਿੰਦਗੀ ਨਾਲ ਜੁੜੀਆਂ ਖਾਸ ਗੱਲਾਂ।
ਦੀਪ ਸਿੱਧੂ ਦਾ ਜਨਮ ਸਾਲ 1984 ਵਿੱਚ ਸ਼ਹੀਦਾਂ ਦੀ ਪਵਿੱਤਰ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਇਆ। ਇੱਕ ਪੰਜਾਬੀ ਅਭਿਨੇਤਾ ਵਜੋਂ ਉਨ੍ਹਾਂ ਸਾਲ 2015 ਵਿੱਚ 'ਰਮਤਾ ਜੋਗੀ' ਨਾਮਕ ਫਿਲਮ ਨਾਲ ਆਪਣੀ ਸ਼ੁਰੂਆਤ ਕੀਤੀ ਸੀ। ਇਹ ਫ਼ਿਲਮ ਦਿੱਗਜ ਅਭਿਨੇਤਾ ਧਰਮਿੰਦਰ ਦੇ ਬੈਨਰ 'ਵਿਜਯਤਾ ਫਿਲਮਜ਼' ਹੇਠ ਰਿਲੀਜ਼ ਹੋਈ ਸੀ। ਸਿੱਧੂ ਨੂੰ ਇਸ ਭੂਮਿਕਾ ਲਈ ਸਰਵੋਤਮ ਪੁਰਸ਼ ਡੈਬਿਊ ਪੁਰਸਕਾਰ ਵੀ ਮਿਲਿਆ। ਇਨ੍ਹਾਂ ਸਾਲਾਂ ਦੌਰਾਨ ਸਿੱਧੂ ਨੇ ਕਈ ਫਿਲਮਾਂ ਕੀਤੀਆਂ। ਸਾਲ 2018 ਵਿਚ ਸਿੱਧੂ ਦੀ ਇੱਕ ਫਿਲਮ 'Saade Ale' ਨੂੰ ਕਾਨਸ ਫਿਲਮ ਫੈਸਟੀਵਲ ਵਿੱਚ ਲਾਂਚ ਕੀਤੀ ਗਈ ਸੀ, ਜੋ ਆਪਣੇ ਆਪ ਵੀ ਬਹੁਤ ਵੱਡੀ ਉਪਲਭਦੀ ਸੀ।
ਦੀਪ ਸਿੱਧੂ ਨੇ ਬਤੌਰ ਮਾਡਲ ਕੀਤੀ ਸੀ ਕਰੀਅਰ ਦੀ ਸ਼ੁਰੂਆਤ
ਪੰਜਾਬੀ ਫ਼ਿਲਮਾਂ ਵਿੱਚ ਆਉਣ ਤੋਂ ਪਹਿਲਾਂ ਸਿੱਧੂ ਇੱਕ ਮਾਡਲ ਸੀ। ਦਿਲਚਸਪ ਗੱਲ ਇਹ ਹੈ ਕਿ, ਉਹ ਪੱਛਮੀ ਜ਼ੋਨ ਤੋਂ ਪ੍ਰਸਿੱਧ ਕਿੰਗਫਿਸ਼ਰ ਮਾਡਲ ਹੰਟ ਵਿਜੇਤੇ ਰਹੇ ਅਤੇ 2006 ਵਿੱਚ ਗ੍ਰਾਸਿਮ ਮਿਸਟਰ ਇੰਡੀਆ 'ਚ ਮਿਸਟਰ ਪਰਸਨੈਲਿਟੀ ਅਤੇ ਮਿਸਟਰ ਟੈਲੇਂਟੇਡ ਦਾ ਖ਼ਿਤਾਬ ਵੀ ਆਪਣੇ ਨਾਂਅ ਕੀਤਾ। ਸਿੱਧੂ ਨੇ ਹੇਮੰਤ ਤ੍ਰਿਵੇਦੀ ਅਤੇ ਰੋਹਿਤ ਬਲ ਵਰਗੇ ਪ੍ਰਮੁੱਖ ਨਾਵਾਂ ਲਈ ਰੈਂਪ ਵਾਲਕ ਵੀ ਕੀਤਾ ਸੀ।
ਸੰਨੀ ਦਿਓਲ ਨਾਲ ਕੀਤਾ ਕੰਮ
ਆਪਣੀ ਫਿਲਮੀ ਸ਼ੁਰੂਆਤ ਤੋਂ ਪਹਿਲਾਂ, ਦੀਪ ਜਦੋਂ ਅਜੇ ਪੁਣੇ ਵਿੱਚ ਪੜ੍ਹਦੇ ਸਨ ਤਾਂ ਉਨ੍ਹਾਂ ਦੀ ਇੱਕ ਵਿਗਿਆਪਨ ਸ਼ੂਟ ਲਈ ਚੋਣ ਹੋਈ। ਦਿਲਚਸਪ ਗੱਲ ਇਹ ਹੈ ਕਿ ਇਹ ਇਸ਼ਤਿਹਾਰ ਸੰਨੀ ਦਿਓਲ ਨਾਲ ਟਰੈਕਟਰ ਬ੍ਰਾਂਡ ਲਈ ਸੀ। ਉਹ ਦਿਓਲ ਦੇ ਛੋਟੇ ਭਰਾ ਦਾ ਕਿਰਦਾਰ ਨਿਭਾਉਣ ਲਈ ਚੁਣੇ ਗਏ ਸਨ।
ਬਾਲਾਜੀ ਟੈਲੀਫਿਲਮਾਂ 'ਚ ਵਕੀਲ ਸਨ ਦੀਪ ਸਿੱਧੂ
ਕਾਨੂੰਨ ਦੀ ਪੜ੍ਹਾਈ ਕਰਨ ਤੋਂ ਬਾਅਦ ਦੀਪ ਸਿੱਧੂ ਨੇ ਇੱਕ ਵਕੀਲ ਦੇ ਤੌਰ 'ਤੇ ਆਪਣਾ ਕਰੀਅਰ ਬਣਾਉਣ ਦਾ ਫੈਸਲਾ ਕੀਤਾ, ਉਸਦੀ ਪਹਿਲੀ ਨੌਕਰੀ ਸਹਾਰਾ ਇੰਡੀਆ ਪਰਿਵਾਰ ਨਾਲ ਸੀ। ਜਿਸ ਤੋਂ ਬਾਅਦ ਉਨ੍ਹਾਂ ਹੈਮੈਂਡਾ 'ਚ ਵੀ ਕੰਮ ਕੀਤਾ ਜੋ ਕਿ ਇੱਕ ਬ੍ਰਿਟਿਸ਼ ਲਾਅ ਫਰਮ ਸੀ, ਜੋ ਸੋਨੀ ਪਿਕਚਰਜ਼, ਡਿਜ਼ਨੀ ਅਤੇ ਹਾਲੀਵੁੱਡ ਸਟੂਡੀਓਜ਼ ਦਾ ਪ੍ਰਬੰਧਨ ਕਰਦੀ ਸੀ। ਅੱਗੇ ਉਨ੍ਹਾਂ ਸਾਡੇ ਤਿੰਨ ਸਾਲਾਂ ਲਈ ਏਕਤਾ ਕਪੂਰ ਦੀ ਬਾਲਾਜੀ ਟੈਲੀਫਿਲਮਜ਼ ਵਿੱਚ ਬਤੌਰ ਕਾਨੂੰਨੀ ਮੁਖੀ ਵਜੋਂ ਵੀ ਸੇਵਾ ਨਿਭਾਈ।
ਸਾਲ 2020 'ਚ ਕਿਸਾਨੀ ਅੰਦੋਲਨ ਦੇ ਸਿਖ਼ਰ ਦੌਰਾਨ ਦੀਪ ਸਿੱਧੂ ਦੀ ਇੱਕ ਫੋਟੋ ਸਰਕੁਲੇਟ ਕੀਤੀ ਗਈ, ਜਿਸ ਵਿੱਚ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੰਸਦ ਮੈਂਬਰ ਸੰਨੀ ਦਿਓਲ ਨਾਲ ਨਜ਼ਰ ਆਏ। ਇਹ 2019 ਦੀਆਂ ਚੋਣਾਂ ਦੇ ਦੌਰਾਨ ਦੀ ਤਸਵੀਰ ਸੀ, ਜਿੱਥੇ ਸਿੱਧੂ ਨੇ ਗੁਰਦਾਸਪੁਰ ਹਲਕੇ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਲਈ ਚੋਣ ਪ੍ਰਚਾਰ ਕੀਤਾ ਸੀ। ਹਾਲਾਂਕਿ ਸੰਨੀ ਦਿਓਲ ਨੇ ਲਾਲ ਕਿਲ੍ਹੇ ਵਿਵਾਦ ਤੋਂ ਟਵੀਟ ਕਰ ਕਿਹਾ ਸੀ ਕਿ ਉਨ੍ਹਾਂ ਦਾ ਜਾਂ ਉਨ੍ਹਾਂ ਦੇ ਪਰਿਵਾਰ ਦਾ ਸਿੱਧੂ ਨਾਲ ਕੋਈ ਸਬੰਧ ਨਹੀਂ ਸੀ।
ਵਿਵਾਦਾਂ 'ਚ ਘਿਰੇ ਦੀਪ ਸਿੱਧੂ
ਸਿੱਧੂ ਦੇ ਨਾਲ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਅਤੇ 38 ਹੋਰਾਂ ਨੂੰ 17 ਜਨਵਰੀ 2021 ਨੂੰ ਐਨਆਈਏ - ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਤਲਬ ਕੀਤਾ ਸੀ। ਉਹਨਾਂ ਨੂੰ ਆਈਪੀਸੀ ਦੀ ਧਾਰਾ 160 ਦੇ ਤਹਿਤ SFJ - ਸਿੱਖਸ ਫਾਰ ਜਸਟਿਸ ਨਾਲ ਸਬੰਧਤ ਇੱਕ ਮਾਮਲੇ ਵਿੱਚ ਪੁੱਛਗਿੱਛ ਲਈ ਬੁਲਾਇਆ ਗਿਆ ਸੀ।
ਲਾਲ ਕਿਲ੍ਹੇ ਹਿੰਸਾ ਦਾ ਦੋਸ਼
ਕਿਸਾਨੀ ਅੰਦੋਲਨ ਦੌਰਾਨ ਕੁਝ ਰਾਸ਼ਟਰੀ ਮੀਡੀਆ ਨੇ ਝੂਠੀ ਖ਼ਬਰ ਚਲਾ ਦਿੱਤੀ ਕਿ ਕੌਮੀ ਝੰਡੇ 'ਤਿਰੰਗੇ ਦੀ ਥਾਂ ਖਾਲਸਤਾਨੀ ਝੰਡੇ ਨੇ ਲੈ ਲਈ ਸੀ, ਸੱਚਾਈ ਇਹ ਸੀ ਕਿ ਲਾਲ ਕਿਲ੍ਹੇ 'ਤੇ ਸਿਖਾਂ ਦੇ ਧਾਰਮਿਕ ਚਿਨ੍ਹ 'ਨਿਸ਼ਾਨ ਸਾਹਿਬ' ਨੂੰ ਤਿਰੰਗੇ ਦੀ ਥਾਂ ਲਏ ਬਿਨਾਂ ਲਹਿਰਾਇਆ ਗਿਆ ਸੀ, ਇਸ ਦਰਮਿਆਨ ਪ੍ਰਦਰਸ਼ਨਕਾਰੀਆਂ ਤੇ ਦਿੱਲੀ ਪੁਲਿਸ ਵਿਚਾਲੇ ਝੜਪ ਵੀ ਹੋਈ। ਜਿਸਦਾ ਸਾਰਾ ਦੋਸ਼ ਸਿੱਧੂ 'ਤੇ ਮੜ੍ਹ ਦਿੱਤਾ ਗਿਆ, ਉਸਨੂੰ ਕਥਿਤ ਤੌਰ 'ਤੇ ਆਪਣੇ ਇਸ ਕਦਮ ਲਈ 'ਸਿੱਖ ਫਾਰ ਜਸਟਿਸ ਦਾ ਏਜੰਟ ਵੀ ਕੀਆ ਗਿਆ।
ਕਿਸਾਨ ਆਗੂਆਂ ਨੇ ਵੀ ਲਾਇਆ ਸੀ ਦੋਸ਼
ਅੰਦੋਲਨ ਦੌਰਾਨ ਟਰੈਕਟਰ ਰੌਲੀ ਦਰਮਿਆਨ ਪ੍ਰਦਰਸ਼ਨਕਾਰੀਆਂ ਤੇ ਦਿੱਲੀ ਪੁਲਿਸ ਵਿਚਾਲੇ ਝੜਪ ਮਗਰੋਂ ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਟਰੈਕਟਰ ਰੈਲੀ ਦੇ ਕੁਝ ਪ੍ਰਦਰਸ਼ਨਕਾਰੀਆਂ ਦੀ ਅਗਵਾਈ ਦੀਪ ਸਿੱਧੂ ਨੇ ਲਾਲ ਕਿਲ੍ਹੇ ਵਲ੍ਹ ਕੀਤੀ, ਜਿਸ ਤੋਂ ਬਾਅਦ ਸਿੱਧੂ ਨੇ ਆਪਣੇ ਫੇਸਬੁੱਕ ਲਾਈਵ ਵਿੱਚ ਇਹ ਕਹਿ ਕੇ ਆਪਣਾ ਬਚਾਅ ਕੀਤਾ ਕਿ ਅਸੀਂ ਸਿਰਫ਼ ਲਾਲ ਕਿਲ੍ਹੇ 'ਤੇ ਨਿਸ਼ਾਨ ਸਾਹਿਬ ਲਹਿਰਾਇਆ ਨਾ ਕਿ ਤਿਰੰਗੇ ਲਾਹ ਉਸਦਾ ਅਪਮਾਨ ਕੀਤਾ।
ਹੋਰ ਪੜ੍ਹੋ: ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਕੀਤੀ ਭਾਵੁਕ ਪੋਸਟ, ਜਾਣੋ ਕੀ ਕਿਹਾ
ਗੈਂਗਸਟਰ ਤੋਂ ਕਾਰਕੁੰਨ ਬਣੇ ਲੱਖਾ ਸਿਧਾਣਾ ਦੇ ਕਰੀਬੀ
ਕਿਸਾਨੀ ਅੰਦੋਲਨ 'ਚ ਹਿੱਸਾ ਪਾਉਣ ਵਾਲੇ ਗੈਂਗਸਟਰ ਤੋਂ ਕਾਰਕੁੰਨ ਬਣੇ ਲੱਖਾ ਸਿਧਾਣਾ ਉਰਫ਼ ਲਖਬੀਰ ਸਿੰਘ ਦਸਦੇ ਹੋਏ ਦੋਵਾਂ ਦੀਪ ਸਿੱਧੂ ਅਤੇ ਲੱਖਾ ਸਿਧਾਣਾ 'ਤੇ ਸਿੰਘੂ ਬਾਰਡਰ 'ਤੇ ਭੜਕਾਊ ਭਾਸ਼ਣ ਦੇਣ ਦਾ ਦੋਸ਼ ਲਾਇਆ ਗਿਆ। ਸਿਧਾਣਾ ਖਿਲਾਫ 26 ਕੇਸ ਵੀ ਦਰਜ ਕਰਾਏ ਗਏ। ਕਿਸਾਨ ਆਗੂਆਂ ਤੇ ਕਿਸਾਨ ਜੱਥੇਬੰਦੀਆਂ ਨੇ ਇਹ ਤੱਕ ਕਹਿ ਛੱਡਿਆ ਸੀ ਕਿ ਉਨ੍ਹਾਂ ਦਾ ਇਨ੍ਹਾਂ ਦੋਵਾਂ ਨਾਲ ਕੋਈ ਸਬੰਧ ਨਹੀਂ।
ਦੱਸ ਦੇਈਏ ਕਿ 15 ਫਰਵਰੀ ਸਾਲ 2022 ਨੂੰ ਇੱਕ ਸੜਕ ਹਾਦਸੇ ਵਿੱਚ ਦੀਪ ਸਿੱਧੂ ਦੀ ਮੌਤ ਹੋ ਗਈ। ਇਸ ਦੌਰਾਨ ਅਦਾਕਾਰ ਦੀ ਗਰਲਫ੍ਰੈਂਡ ਰੀਨਾ ਰਾਏ ਵੀ ਉਸ ਨਾਲ ਮੌਜੂਦ ਸੀ।