Sidhu Moose Wala Murder Case : ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਲੋੜੀਂਦਾ ਮੁਲਜ਼ਮ ਦਰਮਨਜੋਤ ਕਾਹਲੋਂ ਅਮਰੀਕਾ 'ਚ ਗ੍ਰਿਫਤਾਰ, ਹਥਿਆਰਾਂ ਦੀ ਕਰਦਾ ਸੀ ਸਪਲਾਈ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਲੋੜੀਂਦੇ ਅੰਤਰਰਾਸ਼ਟਰੀ ਹਥਿਆਰ ਮਾਫੀਆ ਦਰਮਨਜੋਤ ਸਿੰਘ ਕਾਹਲੋਂ ਨੂੰ ਅਮਰੀਕੀ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ।
Sidhu MooseWala Murder Case: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਲੋੜੀਂਦੇ ਅੰਤਰਰਾਸ਼ਟਰੀ ਹਥਿਆਰ ਮਾਫੀਆ ਦਰਮਨਜੋਤ ਸਿੰਘ ਕਾਹਲੋਂ ਨੂੰ ਅਮਰੀਕੀ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ। ਸੂਤਰਾਂ ਮੁਤਾਬਕ ਦਮਨਜੋਤ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਕਾਫੀ ਕਰੀਬੀ ਹੈ। ਦੋਸ਼ ਹੈ ਕਿ ਮੂਸੇਵਾਲਾ ਕਤਲ ਕਾਂਡ ਵਿੱਚ ਵਰਤੇ ਗਏ ਹਥਿਆਰ ਕਥਿਤ ਤੌਰ ’ਤੇ ਕਾਹਲੋਂ ਨੇ ਭੇਜੇ ਸਨ। ਫਿਲਹਾਲ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਅਮਰੀਕਾ ਦੇ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐਫਬੀਆਈ) ਨਾਲ ਸੰਪਰਕ ਕਰਕੇ ਦੋਸ਼ੀ ਦਮਨਜੋਤ ਨੂੰ ਭਾਰਤ ਲਿਆਉਣ ਦੀ ਤਿਆਰੀ ਕਰ ਰਹੀਆਂ ਹਨ।
ਦੱਸ ਦੇਈਏ ਕਿ 29 ਮਈ 2022 ਨੂੰ ਪੰਜਾਬ ਦੇ ਮਾਨਸਾ ਵਿੱਚ ਮਸ਼ਹੂਰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਸੀ। ਪੁਲਿਸ ਅਨੁਸਾਰ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਦੋ ਮੋਡਿਊਲ ਬੋਲੈਰੋ ਅਤੇ ਕਰੋਲਾ ਦੀ ਵਰਤੋਂ ਕੀਤੀ ਗਈ ਸੀ। ਕਰੋਲਾ ਮਾਡਿਊਲ ਦੇ ਸ਼ਾਰਪ ਸ਼ੂਟਰ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਸਿੰਘ ਕੁੱਸਾ ਪਿੰਡ ਹੁਸ਼ਿਆਰ ਨਗਰ, ਅੰਮ੍ਰਿਤਸਰ ਵਿੱਚ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਸਨ, ਜਦੋਂ ਕਿ ਬੋਲੈਰੋ ਮਾਡਿਊਲ ਦੇ ਮੁੱਖ ਸ਼ੂਟਰਾਂ ਪ੍ਰਿਆਵਰਤ ਫੌਜੀ, ਅੰਕਿਤ ਸੇਰਸਾ ਅਤੇ ਕਸ਼ਿਸ਼ ਉਰਫ਼ ਕੁਲਦੀਪ ਨੂੰ ਦਿੱਲੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਬਾਅਦ ਆਖਰੀ ਸ਼ੂਟਰ ਦੀਪਕ ਮੁੰਡੀ ਨੂੰ ਪੰਜਾਬ ਪੁਲਿਸ ਨੇ 60 ਦਿਨਾਂ ਦੀ ਚਸ਼ਮਦੀਦ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਸੀ।
ਨਵੰਬਰ 2022 ਵਿਚ ਪ੍ਰੋਡਕਸ਼ਨ ਵਾਰੰਟ ਦੌਰਾਨ ਗੈਂਗਸਟਰ ਮਨਦੀਪ ਤੂਫਾਨ, ਮਨੀ ਰਈਆ ਨੇ ਖੁਲਾਸਾ ਕੀਤਾ ਸੀ ਕਿ ਉਸ ਨੇ ਸਤਬੀਰ ਸਿੰਘ ਨਾਲ ਮਿਲ ਕੇ ਦਮਨਜੋਤ ਸਿੰਘ ਕਾਹਲੋਂ ਦੇ ਇਸ਼ਾਰੇ 'ਤੇ ਮਾਨਸਾ ਵਿਚ ਸ਼ੂਟਰਾਂ ਨੂੰ ਹਥਿਆਰ ਪਹੁੰਚਾਏ ਸਨ। ਇਸ ਤੋਂ ਪਹਿਲਾਂ ਵੀ ਪੁਲੀਸ ਬਲਦੇਵ ਚੌਧਰੀ, ਸੰਦੀਪ ਕਾਹਲੋਂ ਅਤੇ ਸਤਬੀਰ ਸਿੰਘ ਨੂੰ ਹਥਿਆਰਾਂ ਦੀ ਸਪਲਾਈ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਚੁੱਕੀ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਕਾਹਲੋਂ ਲਾਰੈਂਸ ਅਤੇ ਬੰਬੀਹਾ ਗੈਂਗ ਨੂੰ ਹਥਿਆਰ ਸਪਲਾਈ ਕਰਦਾ ਰਿਹਾ ਹੈ। ਅੰਮ੍ਰਿਤਸਰ ਦਾ ਰਹਿਣ ਵਾਲਾ ਦਰਮਨਜੋਤ ਸਿੰਘ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਕਾਫੀ ਕਰੀਬੀ ਦੱਸਿਆ ਜਾਂਦਾ ਹੈ। ਇਸ ਦੋਸਤੀ ਕਾਰਨ ਜੱਗੂ ਨੇ ਲਾਰੈਂਸ ਅਤੇ ਗੋਲਡੀ ਨਾਲ ਉਸ ਬਾਰੇ ਗੱਲ ਕੀਤੀ। ਦਰਮਨਜੋਤ ਯੂਏਪੀਏ ਕੇਸ ਵਿੱਚ ਮੁਹਾਲੀ ਪੁਲੀਸ ਨੂੰ ਲੰਮੇ ਸਮੇਂ ਤੋਂ ਲੋੜੀਂਦਾ ਸੀ। ਇਹ ਅਪਰਾਧੀ ਭਾਰਤ 'ਚ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਅਮਰੀਕਾ 'ਚ ਲੁਕਿਆ ਹੋਇਆ ਸੀ। ਹੁਣ ਜਦੋਂ ਅਮਰੀਕੀ ਪੁਲਿਸ ਨੇ ਕਾਹਲੋਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤਾਂ ਭਾਰਤੀ ਸੁਰੱਖਿਆ ਏਜੰਸੀਆਂ ਨੇ ਉਸ ਨੂੰ ਭਾਰਤ ਲਿਆਉਣ ਲਈ ਅਮਰੀਕੀ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫਬੀਆਈ) ਨਾਲ ਸੰਪਰਕ ਕਰਕੇ ਅਗਲੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।