ਗਾਇਕ ਬੀ ਪਰਾਕ ਦੇ ਸ਼ੋਅ 'ਚ ਹੋਇਆ ਹੰਗਾਮਾ, ਲੋਕਾਂ ਨੇ ਕੀਤੀ ਭੰਨਤੋੜ, ਵੇਖੋ ਵੀਡੀਓ
B Praak Concert: ਮਸ਼ਹੂਰ ਪੰਜਾਬੀ ਗਾਇਕ ਬੀ ਪਰਾਕ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ 'ਚ ਗਾਇਕ ਬੀ ਪਰਾਕ (B Praak) ਦੇ ਕੰਸਰਟ ਦੌਰਾਨ ਭੀੜ ਬੇਕਾਬੂ ਹੋਣ ਤੇ ਲੋਕਾਂ ਵੱਲੋਂ ਹੰਗਾਮਾ ਕਰਨ ਦੀਆਂ ਖਬਰਾਂ ਆ ਰਹੀਆਂ ਹਨ ਤੇ ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।
ਦੱਸ ਦਈਏ ਕਿ ਇਹ ਘਟਨਾ ਬੀਤੇ ਸ਼ਨੀਵਾਰ ਦੀ ਦੱਸੀ ਜਾ ਰਹੀ ਹੈ। ਦਰਅਸਲ 6 ਜਨਵਰੀ ਨੂੰ ਗਾਇਕ ਬੀ ਪਰਾਕ ਨੇ ਉੱਤਰ ਪ੍ਰਦੇਸ਼ ਦੇ ਇਟਾਵਾ ਮਹਾਉਤਸਵ ’ਚ ਪਰਫਾਰਮੈਂਸ ਦਿੱਤੀ। ਇਸ ਸ਼ੋਅ ’ਚ ਹਜ਼ਾਰਾਂ ਲੋਕ ਸ਼ਾਮਲ ਹੋਏ ਤੇ ਸਥਾਨਕ ਪੁਲਿਸ ਤੇ ਅਧਿਕਾਰੀਆਂ ਲਈ ਭੀੜ ਨੂੰ ਸੰਭਾਲਣਾ ਮੁਸ਼ਕਿਲ ਹੋ ਗਿਆ।
ਮੀਡੀਆ ਰਿਪੋਰਟਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਇਸ ਪ੍ਰੋਗਰਾਮ ਦੇ ਵਿੱਚ ਲਗਭਗ 15 ਹਜ਼ਾਰ ਤੋਂ ਵੀ ਵੱਧ ਲੋਕ ਪਹੁੰਚੇ ਸਨ। ਜਦੋਂਕਿ ਇਸ ਪ੍ਰੋਗਰਾਮ ਦੇ ਤਹਿਤ ਮੌਜੂਦਾ ਸਥਾਨ ਉੱਤੇ ਮਹਿਜ਼ 5 ਹਜ਼ਾਰ ਲੋਕਾਂ ਦੇ ਬੈਠਣ ਦੀ ਸਮਰਥਾ ਸੀ। ਲਗਾਤਾਰ ਵੱਧਦੀ ਹੋਈ ਭੀੜ ਦੇ ਚੱਲਦੇ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਪ੍ਰਬੰਧਕਾਂ ਵੱਲੋਂ ਪ੍ਰੋਗਰਾਮ ਨੂੰ ਮਹਿਜ਼ ਡੇਢ ਘੰਟੇ ਦੇ ਅੰਦਰ ਹੀ ਖ਼ਤਮ ਕਰਵਾ ਦਿੱਤਾ ਗਿਆ।
ਦੱਸ ਦਈਏ ਕਿ ਸ਼ਾਮ ਨੂੰ 7 ਵਜੇ ਸ਼ੁਰੂ ਹੋਣ ਵਾਲੇ ਪ੍ਰੋਗਰਾਮ ਲਈ 4 ਵਜੇ ਤੋਂ ਪਹਿਲਾਂ ਹੀ ਵੱਡੀ ਗਿਣਤੀ ਵਿੱਚ ਲੋਕ ਪ੍ਰੋਗਰਾਮ ਵਾਲੇ ਸਥਾਨ ਉੱਤੇ ਪਹੁੰਚਣ ਲੱਗ ਪਏ ਸਨ। ਮਾਹੌਲ ਉਸ ਸਮੇਂ ਖ਼ਰਾਬ ਹੋ ਗਿਆ, ਜਦੋਂ ਪ੍ਰਬੰਧਕ ਅਧਿਕਾਰਿਆਂ ਨੇ ਮਿਊਜ਼ਿਕਲ ਪ੍ਰੋਗਰਾਮ ਨੂੰ ਅੱਧ ਵਿਚਾਲੇ ਬੰਦ ਕਰਵਾ ਦਿੱਤਾ ਤੇ ਗਾਇਕ ਬੀ ਪਰਾਕ ਨੂੰ ਵੀ ਸ਼ੋਅ ਨੂੰ ਵਿਚਾਲੇ ਛੱਡਣਾ ਪਿਆ।
ਇਸ ਮਗਰੋਂ ਲੋਕਾਂ ਦੀ ਭੀੜ ਬੇਕਾਬੂ ਹੋ ਗਈ ਤੇ ਕਈ ਲੋਕਾਂ ਨੇ ਜਮ ਕੇ ਹੰਗਾਮਾ ਕੀਤਾ। ਇਸ ਦੌਰਾਨ ਕੁੱਝ ਸ਼ਰਾਰਤੀ ਅਨਸਰਾਂ ਤੇ ਲੋਕਾਂ ਵੱਲੋਂ ਮਾਲੀ ਨੁਕਸਾਨ ਕੀਤੇ ਜਾਣ ਤੇ ਕੁਰਸੀਆਂ ਦੀ ਭੰਨਤੋੜ ਕਰਦੇ ਨਜ਼ਰ ਆਏ। ਇਸ ਘਟਨਾ ਦੀ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ।
ਇਨ੍ਹਾਂ ਵਾਇਰਲ ਹੋ ਰਹੀ ਵੀਡੀਓ ’ਚ ਟੁੱਟੀਆਂ ਕੁਰਸੀਆਂ ਤੇ ਉੱਥੋਂ ਦਾ ਖ਼ਰਾਬ ਮਾਹੌਲ ਸਾਫ ਤੌਰ ਉੱਤੇ ਦੇਖਿਆ ਜਾ ਸਕਦਾ ਹੈ। ਇਸ ਤੋਂ ਸਾਫ ਹੁੰਦਾ ਹੈ ਕਿ ਭੀੜ ਵੱਲੋਂ ਪ੍ਰੋਗਰਾਮ ਆਯੋਜਕਾਂ ਦੀ ਪ੍ਰਾਪਰਟੀ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ ਹੈ, ਜਿਸ ਕਾਰਨ ਅਧਿਕਾਰੀਆਂ ਨੂੰ ਸ਼ੋਅ ਖ਼ਤਮ ਕਰਨਾ ਪਿਆ ਤੇ ਇਹ ਯਕੀਨੀ ਕੀਤਾ ਕਿ ਲੋਕ ਸੁਰੱਖਿਅਤ ਤਰੀਕੇ ਨਾਲ ਪ੍ਰੋਗਰਾਮ ਵਾਲੀ ਥਾਂ ਤੋਂ ਬਾਹਰ ਨਿਕਲ ਜਾਣ।
ਹੋਰ ਪੜ੍ਹੋ: ਵਿਆਹ ਬੰਧਨ 'ਚ ਬੱਝੇ ਸਰੁਸ਼ਟੀ ਮਾਨ ਤੇ ਅਰਸ਼ ਬਲ, ਨਵ ਵਿਆਹੇ ਜੋੜੇ ਦੀ ਵੀਡੀਓ ਹੋਈ ਵਾਇਰਲ
ਇਸ ਵੀਡੀਓ ਦੇ ਸਾਹਮਣੇ ਆਉਣ ਮਗਰੋਂ ਸੋਸ਼ਲ ਮੀਡੀਆ ਯੂਜ਼ਰਸ ਤੇ ਗਾਇਕ ਦੇ ਫੈਨਜ਼ ਉਨ੍ਹਾਂ ਦਾ ਸਮਰਥਨ ਕਰਦੇ ਨਜ਼ਰ ਆਏ। ਵੱਡੀ ਗਿਣਤੀ 'ਚ ਸੋਸ਼ਲ ਮੀਡੀਆ ਯੂਜ਼ਰਸ ਨੇ ਕਿਹਾ ਕਿ ਅਜਿਹਾ ਕਰਨਾ ਗ਼ਲਤ ਹੈ। ਸਾਨੂੰ ਸਭ ਨੂੰ ਆਪੋ ਆਪਣੀ ਮਰਿਆਦਾ ਦਾ ਧਿਆਨ ਰੱਖਣਾ ਚਾਹੀਦਾ ਹੈ, ਹਾਲਾਂਕਿ ਕੁਝ ਲੋਕ ਪ੍ਰਬੰਧਕਾਂ ਦੀ ਤਾਰੀਫ ਕਰਦੇ ਨਜ਼ਰ ਆਏ ਕਿ ਪ੍ਰਬੰਧਕਾਂ ਵੱਲੋਂ ਸ਼ੋਅ ਬੰਦ ਕਰਵਾਉਣ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।