ਅਮਰ ਨੂਰੀ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਗਾਇਕਾ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਖ਼ਾਸ ਗੱਲਾਂ
ਅਮਰ ਨੂਰੀ ਦਾ ਜਨਮ ਰੂਪਨਗਰ ਦੇ ਪਿੰਡ ਰੰਗੀਲਪੁਰ ‘ਚ ਹੋਇਆ ਸੀ । ਗਾਇਕੀ ਦੇ ਗੁਰ ਉਨ੍ਹਾਂ ਨੇ ਆਪਣੇ ਪਿਤਾ ਰੌਸ਼ਨ ਸਾਗਰ ਤੋਂ ਲਏ ਸਨ । ਉਨ੍ਹਾਂ ਦੇ ਪਿਤਾ ਜੀ ਬਹੁਤ ਹੀ ਸੁਰੀਲੇ ਗਾਇਕ ਰਹਿ ਚੁੱਕੇ ਹਨ । ਪਿਤਾ ਦੇ ਦਿਹਾਂਤ ਤੋਂ ਬਾਅਦ ਪਰਿਵਾਰ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਵੀ ਅਮਰ ਨੂਰੀ ‘ਤੇ ਆ ਗਈ ਸੀ ।
ਅਮਰ ਨੂਰੀ (Amar Noori) ਦਾ ਅੱਜ ਜਨਮ ਦਿਨ (Birthday) ਹੈ । ਉਨ੍ਹਾਂ ਦੇ ਜਨਮ ਦਿਨ ‘ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਣ ਜਾ ਰਹੇ ਹਾਂ । ਅਮਰ ਨੂਰੀ ਪੰਜਾਬੀ ਇੰਡਸਟਰੀ ਦਾ ਮੰਨਿਆ ਪ੍ਰਮੰਨਿਆ ਚਿਹਰਾ ਹੈ । ਉਨ੍ਹਾਂ ਦਾ ਜਨਮ ਰੂਪਨਗਰ ਦੇ ਪਿੰਡ ਰੰਗੀਲਪੁਰ ‘ਚ ਹੋਇਆ ਸੀ । ਗਾਇਕੀ ਦੇ ਗੁਰ ਉਨ੍ਹਾਂ ਨੇ ਆਪਣੇ ਪਿਤਾ ਰੌਸ਼ਨ ਸਾਗਰ ਤੋਂ ਲਏ ਸਨ ।ਉਨ੍ਹਾਂ ਦੇ ਪਿਤਾ ਜੀ ਬਹੁਤ ਹੀ ਸੁਰੀਲੇ ਗਾਇਕ ਰਹਿ ਚੁੱਕੇ ਹਨ । ਪਿਤਾ ਦੇ ਦਿਹਾਂਤ ਤੋਂ ਬਾਅਦ ਪਰਿਵਾਰ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਵੀ ਅਮਰ ਨੂਰੀ ‘ਤੇ ਆ ਗਈ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਬਹੁਤ ਹੀ ਛੋਟੀ ਉਮਰ ‘ਚ ਮਿਊਜ਼ਿਕ ਦੀ ਦੁਨੀਆ ‘ਚ ਕਦਮ ਰੱਖਿਆ ਸੀ ।
ਅਮਰ ਨੂਰੀ ਦਾ ਮਿਊਜ਼ਿਕ ਕਰੀਅਰ
ਅਮਰ ਨੂਰੀ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ‘ਚ ਦੀਦਾਰ ਸੰਧੂ ਦੇ ਨਾਲ ਗਾਉਂਦੀ ਸੀ । ਇਸੇ ਦੌਰਾਨ ਸਰਦੂਲ ਸਿਕੰਦਰ ਵੀ ਗਾਇਕੀ ਦੇ ਖੇਤਰ ‘ਚ ਸਰਗਰਮ ਸਨ ਅਤੇ ਇਸੇ ਖੇਤਰ ‘ਚ ਕੰਮ ਕਰਨ ਦੇ ਦੌਰਾਨ ਹੀ ਦੋਵਾਂ ਦੀ ਮੁਲਾਕਾਤ ਵੀ ਹੋਈ ਸੀ । ਜਿਸ ਤੋਂ ਬਾਅਦ ਦੋਵਾਂ ਨੇ ਇੱਕਠਿਆਂ ਗਾਉਣਾ ਸ਼ੁਰੂ ਕੀਤਾ । ਦੋਵਾਂ ਦੀਆਂ ਨਜ਼ਦੀਕੀਆਂ ਵੀ ਇਸੇ ਦੌਰਾਨ ਵਧੀਆਂ ਸਨ ।ਜਿਸ ਤੋਂ ਬਾਅਦ ਦੋਵਾਂ ਨੇ ਵਿਆਹ ਕਰਵਾ ਲਿਆ ਸੀ ।
ਇਹ ਗੀਤ ਹੈ ਅਮਰ ਨੂਰੀ ਦੇ ਦਿਲ ਦੇ ਕਰੀਬ
ਅਮਰ ਨੂਰੀ ਅਤੇ ਸਰਦੂਲ ਸਿਕੰਦਰ ਦੀ ਜੋੜੀ ਨੂੰ ਜਿੱਥੇ ਗੀਤਾਂ ‘ਚ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ, ਉੱਥੇ ਹੀ ਇਸ ਜੋੜੀ ਦੇ ਪਿਆਰ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ । 2021 ‘ਚ ਸਰਦੂਲ ਸਿਕੰਦਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ, ਪਰ ਅਮਰ ਨੂਰੀ ਅੱਜ ਵੀ ਉਨ੍ਹਾਂ ਨੂੰ ਯਾਦ ਕਰਦੇ ਹਨ ।
‘ਛੇਤੀ ਕੰਮ ਨਿਬੇੜ ਮਾਏਂ ਨੀਂ’ ਇਹ ਗੀਤ ਉਨ੍ਹਾਂ ਦੇ ਦਿਲ ਦੇ ਬੇਹੱਦ ਕਰੀਬ ਹੈ । ਕਿਉਂਕਿ ਇਹ ਗੀਤ ਉਨ੍ਹਾਂ ਦੀ ਜ਼ਿੰਦਗੀ ‘ਤੇ ਠੀਕ ਢੁੱਕਦਾ ਹੈ । ਪੀਟੀਸੀ ਪੰਜਾਬੀ ਦੇ ਨਾਲ ਖ਼ਾਸ ਗੱਲਬਾਤ ਕਰਦੇ ਹੋਏ ਗਾਇਕਾ ਨੇ ਇਸ ਗੀਤ ਦੇ ਨਾਲ ਜੁੜੇ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਵੀ ਸਾਂਝਾ ਕੀਤਾ ਸੀ।
ਪ੍ਰਤੀਭਾਗੀਆਂ ਦੇ ਹੁਨਰ ਨੂੰ ਪਰਖ ਰਹੇ ਅਮਰ ਨੂਰੀ
ਅਮਰ ਨੂਰੀ ‘ਵਾਇਸ ਆਫ਼ ਪੰਜਾਬ ਛੋਟਾ ਚੈਂਪ-੯ ‘ਚ ਬਤੌਰ ਜੱਜ ਪ੍ਰਤੀਭਾਗੀਆਂ ਦੇ ਹੁਨਰ ਨੂੰ ਪਰਖ ਰਹੇ ਹਨ ।ਇਸ ਸ਼ੋਅ ਦਾ ਪ੍ਰਸਾਰਣ ਸੋਮਵਾਰ ਤੋਂ ਸ਼ੁੱਕਰਵਾਰ ਰਾਤ 8:30 ਵਜੇ ਕੀਤਾ ਜਾ ਰਿਹਾ ਹੈ ।ਇਸ ਤੋਂ ਇਲਾਵਾ ਸਚਿਨ ਆਹੂਜਾ, ਇੰਦਰਜੀਤ ਨਿੱਕੂ, ਕਪਤਾਨ ਲਾਡੀ ਵੀ ਵਾਇਸ ਆਫ਼ ਪੰਜਾਬ ਛੋਟਾ ਚੈਂਪ -9 ‘ਚ ਬਤੌਰ ਜੱਜ ਸ਼ਿਰਕਤ ਕਰ ਰਹੇ ਹਨ ।