Movie Review - Subedar Joginder Singh: ਦੁਨੀਆਭਰ ਵਿੱਚ ਵਸਦੇ ਪੰਜਾਬੀਆਂ ਨੇ ਦਿੱਤਾ ਭਰਵਾਂ ਹੁੰਗਾਰਾ
ਅੱਜ ਹੀ ਰਿਲੀਜ਼ ਹੋਈ ਪੰਜਾਬੀ ਫਿਲਮ 'ਸੂਬੇਦਾਰ ਜੋਗਿੰਦਰ ਸਿੰਘ' ਹਰ ਪੰਜਾਬੀ ਨੂੰ ਦੇਖਣੀ ਚਾਹੀਦੀ ਹੈ। ਇਸ ਫਿਲਮ ਨੂੰ ਪਰਿਵਾਰ ਸਮੇਤ ਦੇਖਣ ਪਿੱਛੇ ਕਈ ਕਾਰਨ ਹਨ। ਇਹ ਫ਼ਿਲਮ ਸਿਰਫ ਮਨੋਰੰਜਨ ਲਈ ਹੀ ਨਹੀਂ, ਸਗੋਂ ਪੰਜਾਬ ਦੇ ਅਸਲ ਸੂਰਵੀਰਾਂ ਦੀ ਜ਼ਿੰਦਗੀ 'ਤੇ ਚਾਣਨਾ ਪਾਵੇਗੀ। ਇਸ ਫਿਲਮ ਨੂੰ ਪੰਜਾਬੀ ਸਿਨੇਮੇ ਦੇ ਇਤਿਹਾਸ ਦੀ ਪਹਿਲੀ ਫਿਲਮ ਕਿਹਾ ਜਾ ਸਕਦਾ ਹੈ, ਜੋ ਕਿਸੇ ਪੰਜਾਬੀ ਫੌਜੀ ਦੀ ਜ਼ਿੰਦਗੀ 'ਤੇ ਬਣੀ ਹੈ। ਦੇਸ਼ ਦੇ ਫੌਜੀਆਂ ਲਈ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੀ ਜ਼ਿੰਦਗੀ, ਦੁਸ਼ਵਾਰੀਆਂ ਤੇ ਪਰਿਵਾਰਕ ਹਾਲਾਤ ਨੂੰ ਇਹ ਫਿਲਮ ਆਮ ਲੋਕਾਂ ਤਕ ਪਹੁੰਚਾਉਣ ਜਾ ਰਹੀ ਹੈ।
ਇਹ ਫਿਲਮ ਦੱਸ ਰਹੀ ਹੈ ਕਿ ਪੰਜਾਬੀ ਕੌਮ ਨੂੰ ਬਹਾਦਰ ਕੌਮ ਕਿਉਂ ਕਿਹਾ ਜਾਂਦਾ ਹੈ। ਇਹ ਫਿਲਮ ਵਿਖਾ ਰਹੀ ਹੈ ਕਿ ਗੱਲ ਕਰਨ ਤੇ ਸਰਹੱਦ 'ਤੇ ਦੁਸ਼ਮਣਾਂ ਦਾ ਮੁਕਾਬਲਾ ਕਰਨ 'ਚ ਕੀ ਫ਼ਰਕ ਹੈ। ਇਹ ਫਿਲਮ ਦੱਸ ਰਹੀ ਹੈ ਕਿ ਫਿਲਮ ਬਣਾਉਣਾ ਕੋਈ ਸੌਖਾ ਕੰਮ ਨਹੀਂ ਹੈ, ਦਰਸ਼ਕਾਂ ਨੂੰ ਹਕੀਕਤ ਨਾਲ ਰੂ-ਬ-ਰੂ ਕਰਵਾਉਣ ਲਈ ਕਈ ਵਾਰ ਜ਼ਿੰਦਗੀ ਵੀ ਦਾਅ 'ਤੇ ਲਗਾਉਣੀ ਪੈਂਦੀ ਹੈ।
ਇਹ ਫ਼ਿਲਮ ਪੰਜਾਬ ਦੇ ਮਾਣ 'ਚ ਹੋਰ ਵੀ ਵਾਧਾ ਕਰਦੀ ਹੋਈ ਫੌਜੀ ਪਰਿਵਾਰਾਂ ਪ੍ਰਤੀ ਆਮ ਲੋਕਾਂ ਦੇ ਮਨਾਂ 'ਚ ਹੋਰ ਸਤਿਕਾਰ ਪੈਦਾ ਕਰਦੀ ਹੈ | ਨਿਰਮਾਤਾ ਸੁਮੀਤ ਸਿੰਘ ਤੇ ਨਿਰਦੇਸ਼ਕ ਸਿਮਰਜੀਤ ਸਿੰਘ ਦੀ ਇਹ ਫਿਲਮ ਸੂਬੇਦਾਰ ਜੋਗਿੰਦਰ ਸਿੰਘ ਦੇ ਇਕ ਆਮ ਲੜਕੇ ਤੋਂ ਫੌਜੀ ਅਧਿਕਾਰੀ ਬਣਨ ਤੇ ਬਾਅਦ 'ਚ ਸਰਹੱਦ 'ਤੇ ਦੁਸ਼ਮਣਾਂ ਦਾ ਮੁਕਾਬਲਾ ਕਰਦਿਆਂ ਹੋਈ ਸ਼ਹੀਦੀ ਤੱਕ ਦੀ ਦਾਸਤਾਂ ਨੂੰ ਪਰਦੇ 'ਤੇ ਪੇਸ਼ ਕਰਦੀ ਹੈ। ਫਿਲਮ 'ਚ ਸਰਹੱਦ ਦਾ ਤਣਾਅ ਭਰਿਆ ਮਾਹੌਲ ਵੀ ਹੈ ਤੇ ਪੁਰਾਣੇ ਪੰਜਾਬ ਦੇ ਰੰਗ ਵੀ।
ਜ਼ਿਕਰਯੋਗ ਹੈ ਕਿ ਸੂਬੇਦਾਰ ਜੋਗਿੰਦਰ ਸਿੰਘ ਉਹ ਬਹਾਦਰ ਫੌਜੀ ਸਨ, ਜਿਨ੍ਹਾਂ ਨੇ ਸੰਨ 1962 'ਚ ਦੇਸ਼ ਦੀ ਪਹਿਲੀ ਸਿੱਖ ਰੈਜੀਮੈਂਟ ਦੇ ਸਿਰਫ 25 ਜਵਾਨਾਂ ਨਾਲ ਮਿਲ ਕੇ ਚੀਨ ਦੇ ਲਗਭਗ 1 ਹਜ਼ਾਰ ਫੌਜੀਆਂ ਦਾ ਡੱਟ ਕੇ ਮੁਕਾਬਲਾ ਕੀਤਾ ਸੀ। ਪੰਜਾਬ ਦੇ ਦਰਜਨ ਤੋਂ ਵੀ ਜ਼ਿਆਦਾ ਨਾਮਵਰ ਕਲਾਕਾਰਾਂ ਦੀ ਅਦਾਕਾਰੀ ਵਾਲੀ ਇਹ ਫਿਲਮ ਇਕ ਹੀ ਸਮੇਂ ਪੂਰੀ ਦੁਨੀਆ 'ਚ ਪੰਜਾਬੀ ਤੇ ਹਿੰਦੀ ਭਾਸ਼ਾਵਾਂ 'ਚ ਰਿਲੀਜ਼ ਹੋਈ ਹੈ |
ਇਸ ਫ਼ਿਲਮ 'ਚ ਗਿੱਪੀ ਗਰੇਵਾਲ ਦੇ ਨਾਲ ਗੁੱਗੂ ਗਿੱਲ, ਹਰੀਸ਼ ਵਰਮਾ, ਕਰਮਜੀਤ ਅਨਮੋਲ, ਰੌਸ਼ਨ ਪ੍ਰਿੰਸ, ਰਾਜਵੀਰ ਜਵੰਦਾ, ਜੋਰਡਨ ਸੰਧੂ, ਸਰਦਾਰ ਸੋਹੀ ਤੇ ਜੱਗੀ ਸਿੰਘ ਸਮੇਤ ਕਈ ਸਿਤਾਰਿਆਂ ਨੇ ਅਹਿਮ ਭੂਮਿਕਾ ਨਿਭਾਈ ਹੈ। ਫ਼ਿਲਮ ਦੀ ਅਦਾਕਾਰਾ ਅਦਿਤੀ ਸ਼ਰਮਾ ਹੈ।