ਰਾਜੂ ਸ਼੍ਰੀਵਾਸਤਵ ਦੀ ਅੰਤਿਮ ਅਰਦਾਸ 'ਤੇ ਪਹੁੰਚੇ ਕਈ ਕਲਾਕਾਰ, ਸੁਨੀਲ ਪਾਲ ਨੇ ਦੱਸੀ ਰਾਜੂ ਦੀ ਆਖ਼ਰੀ ਇੱਛਾ

By  Pushp Raj September 26th 2022 11:57 AM -- Updated: September 26th 2022 02:13 PM
ਰਾਜੂ ਸ਼੍ਰੀਵਾਸਤਵ ਦੀ ਅੰਤਿਮ ਅਰਦਾਸ 'ਤੇ ਪਹੁੰਚੇ ਕਈ ਕਲਾਕਾਰ, ਸੁਨੀਲ ਪਾਲ ਨੇ ਦੱਸੀ ਰਾਜੂ ਦੀ ਆਖ਼ਰੀ ਇੱਛਾ

Raju Srivastava's Prayer Meet : ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ 21 ਸਤੰਬਰ ਨੂੰ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ। ਐਤਵਾਰ ਨੂੰ ਮੁੰਬਈ ਦੇ ਇਸਕਾਨ ਮੰਦਰ 'ਚ ਮਰਹੂਮ ਰਾਜੂ ਸ਼੍ਰੀਵਾਸਤਵ ਦੀ ਆਤਮਾ ਲਈ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ। ਬਾਲੀਵੁੱਡ ਕਈ ਕਲਾਕਾਰ ਪ੍ਰਾਰਥਨਾ ਸਭਾ ਵਿੱਚ ਪਹੁੰਚੇ।

Image Source : Instagram

ਰਾਜੂ ਸ਼੍ਰੀਵਾਸਤਵ ਦੇ ਦਿਹਾਂਤ ਨਾਲ ਬਾਲੀਵੁੱਡ ਵਿੱਚ ਸੋਗ ਦੀ ਲਹਿਰ ਹੈ। ਪ੍ਰਾਰਥਨਾ ਸਭਾ ਵਿੱਚ ਰਾਜੂ ਸ਼੍ਰੀਵਾਸਤਵ ਦੇ ਪਰਿਵਾਰਿਕ ਮੈਂਬਰਾਂ ਸਣੇ ਫ਼ਿਲਮ ਜਗਤ ਦੇ ਕਈ ਸਿਤਾਰਿਆਂ ਨੇ ਵਿੱਛੜੀ ਰੂਹ ਦੀ ਸ਼ਾਂਤੀ ਲਈ ਅਰਦਾਸ ਕੀਤੀ। ਇਸ ਮੌਕੇ ਰਾਜੂ ਸ਼੍ਰੀਵਾਸਤਵ ਦੇ ਖ਼ਾਸ ਦੋਸਤ ਤੇ ਸਹਿ ਕਲਾਕਾਰ ਸੁਨੀਲ ਪਾਲ ਨੇ ਉਨ੍ਹਾਂ ਦੀ ਆਖ਼ਰੀ ਇੱਛਾ ਦਾ ਖੁਲਾਸਾ ਕੀਤਾ।

ਸੁਨੀਲ ਪਾਲ ਨੇ ਕਿਹਾ ਕਿ ਰਾਜੂ ਸ਼੍ਰੀਵਾਸਤਵ ਦਾ ਇੰਝ ਦੁਨੀਆਂ ਤੋਂ ਅਲਵਿਦਾ ਆਖ ਜਾਣਾ ਸਾਡੇ ਲਈ ਬੇਹੱਦ ਦੁਖਦਾਈ ਸਮਾਂ ਹੈ, ਇਹ ਇੱਕ ਅਜਿਹਾ ਭਾਵੁਕ ਪਲ ਹੈ ਜਿਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।

Image Source : Instagram

ਰਾਜੂ ਸ਼੍ਰੀਵਾਸਤਵ ਦੀ ਆਖ਼ਰੀ ਇੱਛਾ ਬਾਰੇ ਗੱਲ ਕਰਦੇ ਹੋਏ ਸੁਨੀਲ ਪਾਲ ਨੇ ਕਿਹਾ, "ਰਾਜੂ ਭਾਈ ਦੀ ਆਖ਼ਰੀ ਇੱਛਾ ਸੀ ਕਿ ਉਨ੍ਹਾਂ ਦੀ ਬਾਇਓਪਿਕ ਬਣਾਈ ਜਾਵੇ। ਰਾਜੂ ਭਾਈ ਸਾਡੇ ਗੁਰੂ, ਮੁਖੀ ਅਤੇ ਵੱਡੇ ਭਰਾ ਵਰਗੇ ਸਨ। ਉਨ੍ਹਾਂ ਦਾ ਜੀਵਨ ਕਾਫੀ ਸੰਘਰਸ਼ ਭਰਿਆ ਰਿਹਾ ਹੈ। ਉਨ੍ਹਾਂ ਨੇ ਪੈਦਲ ਚੱਲ ਕੇ ਸੰਘਰਸ਼ ਕੀਤਾ, ਰੋਜ਼ੀ-ਰੋਟੀ ਕਮਾਉਣ ਲਈ ਆਟੋ ਚਲਾਇਆ। ਉਹ ਚਾਹੁੰਦੇ ਸਨ ਕਿ ਲੋਕ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਅੱਗੇ ਵਧਣ। ਰਾਜੂ ਭਾਈ ਨੇ ਸਟੇਜ, ਟੀਵੀ ਅਤੇ ਫਿਲਮਾਂ ਰਾਹੀਂ ਹਰ ਘਰ ਵਿੱਚ ਖੁਸ਼ੀਆਂ ਵੰਡੀਆਂ ਹਨ। ਉਹ ਦੇਸ਼ ਦੇ ਦਰਸ਼ਕਾਂ ਲਈ ਹਮੇਸ਼ਾ ਲਾਡਲੇ ਕਲਾਕਾਰ ਰਹੇ। ਮੈਂ ਭਾਰਤ ਸਰਕਾਰ ਕੋਲੋਂ ਇਹ ਬੇਨਤੀ ਕਰਦਾ ਹਾਂ ਕਿ ਰਾਜੂ ਸ਼੍ਰੀਵਾਸਤਵ ਜੀ ਨੂੰ ਮਰਨ ਉਪਰੰਤ ਭਾਰਤ ਰਤਨ ਦਾ ਸਨਮਾਨ ਦਿੱਤਾ ਜਾਵੇ। "

ਇਸ ਪ੍ਰਾਰਥਨਾ ਸਭਾ ਦੇ ਵਿੱਚ ਜਾਨੀ ਲੀਵਰ ਵੀ ਪਹੁੰਚੇ। ਇਸ ਦੌਰਾਨ ਜਾਨੀ ਲੀਵਰ ਨੇ ਰਾਜੂ ਸ਼੍ਰੀਵਾਸਤਵ ਦੇ ਜੀਵਨ ਬਾਰੇ ਗੱਲ ਕਰਦੇ ਹੋਏ ਕਿਹਾ, " ਅਸੀਂ ਬਹੁਤ ਸਾਲ ਇੱਕਠੇ ਗੁਜ਼ਾਰੇ ਹਨ। ਰਾਜੂ ਜੀ ਨੇ ਮੇਰੇ ਨਾਲ ਹੀ ਆਪਣੇ ਕਰੀਅਰ ਲਈ ਸੰਘਰਸ਼ ਦੀ ਸ਼ੁਰੂਆਤ ਕੀਤੀ। ਅਸੀਂ ਇੱਕਠੇ ਬਹੁਤ ਸਾਰੇ ਪ੍ਰੋਗਰਾਮ ਅਤੇ ਸਟੇਜ ਸ਼ੋਅਸ ਕੀਤੇ। ਰਾਜੂ ਜੀ ਮੇਰੇ ਪਰਿਵਾਰਕ ਮੈਂਬਰ ਅਤੇ ਮੇਰੇ ਛੋਟੇ ਭਰਾ ਤੇ ਗੁਆਂਢੀ ਸਨ। ਮੈਂ ਇਸ ਸਮੇਂ ਆਪਣੇ ਛੋਟੇ ਭਰਾ ਨੂੰ ਖੋਹਣ ਦਾ ਦਰਦ ਬਿਆਨ ਨਹੀਂ ਕਰ ਸਕਦਾ।"

Image Source : Instagram

ਹੋਰ ਪੜ੍ਹੋ: ਦੁਖਦ ਖਬਰ! ਪੰਜਾਬੀ ਫ਼ਿਲਮ ਡਾਇਰੈਕਟਰ ਤਰਨਜੀਤ ਟੋਰੀ ਨੇ ਦੁਨੀਆ ਨੂੰ ਕਿਹਾ ਅਲਵਿਦਾ, ਕਰਮਜੀਤ ਅਨਮੋਲ ਨੇ ਦਿੱਤੀ ਸ਼ਰਧਾਂਜਲੀ

ਰਾਜੂ ਸ਼੍ਰੀਵਾਸਤਵ ਬਾਰੇ ਗੱਲ ਕਰਦੇ ਹੋਏ ਜਾਨੀ ਲੀਵਰ ਨੇ ਅੱਗੇ ਕਿਹਾ, "ਉਨ੍ਹਾਂ ਦੇ ਜਾਣ ਨਾਲ ਕਾਮੇਡੀ ਜਗਤ ਨੂੰ ਵੱਡਾ ਘਾਟਾ ਪਿਆ ਹੈ। ਉਨ੍ਹਾਂ ਨੇ ਸਟੈਂਡਅੱਪ ਕਾਮੇਡੀ ਵਿੱਚ ਬਹੁਤ ਨਾਮ ਕਮਾਇਆ, ਕੋਈ ਵੀ ਉਨ੍ਹਾਂ ਦੀ ਥਾਂ ਨਹੀਂ ਲੈ ਸਕਿਆ। ਅਸੀਂ ਦੋ ਮਹੀਨੇ ਪਹਿਲਾਂ ਹੀ ਇੱਕ ਸਮਾਗਮ ਦੌਰਾਨ ਮਿਲੇ ਸੀ, ਪਰ ਮੈਨੂੰ ਨਹੀਂ ਪਤਾ ਸੀ ਕਿ ਇਹ ਸਾਡੀ ਆਖ਼ਰੀ ਮੁਲਾਕਾਤ ਹੋਵੇਗੀ।"

 

Related Post