ਗਾਇਕ ਲਾਭ ਜੰਜੂਆ ਨੂੰ ਇਸ ਸੰਗੀਤਕਾਰ ਨੇ ਬਾਲੀਵੁੱਡ 'ਚ ਦਿੱਤਾ ਸੀ ਬਰੇਕ, ਜਾਣੋਂ ਪੂਰੀ ਕਹਾਣੀ

ਇੱਕ ਸਮਾਂ ਸੀ ਜਦੋਂ ਲਾਭ ਜੰਜੂਆ ਦਾ ਗਾਣਾ 'ਮੁੰਡਿਆਂ ਤੋਂ ਬਚ ਕੇ ਰਹੀਂ, ਨੀ ਤੂੰ ਹੁਣੇ ਹੁਣੇ ਹੋਈ ਮੁਟਿਆਰ' ਹਰ ਡੀਜੇ, ਹਰ ਕਾਰ ਵਿੱਚ ਵੱਜਦਾ ਸੁਣਾਈ ਦਿੰਦਾ ਸੀ । ਭਾਵੇਂ ਅੱਜ ਉਹ ਸਾਡੇ ਵਿੱਚ ਨਹੀਂ ਰਹੇ ਪਰ ਉਹ ਆਪਣੇ ਗਾਣਿਆਂ ਕਰਕੇ ਅੱਜ ਵੀ ਸਾਡੇ ਦਰਮਿਆਨ ਵਿਚਰਦੇ ਹਨ । ਲਾਭ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ 1957 ਨੂੰ ਫਤਿਹਗੜ੍ਹ ਸਾਹਿਬ ਦੇ ਪਿੰਡ ਮਾਜਰਾ ਮੰਨਾ ਸਿੰਘ ਵਾਲਾ ਦੇ ਰਹਿਣ ਵਾਲੇ ਸੁੱਚਾ ਸਿੰਘ ਤੇ ਮਾਤਾ ਸੁਰਿੰਦਰ ਕੌਰ ਦੇ ਘਰ ਹੋਇਆ ਸੀ ।
labh janjua
ਗਾਇਕੀ ਲਾਭ ਜੰਜੂਆ ਦੇ ਖੂਨ ਵਿੱਚ ਹੀ ਸੀ ਕਿਉਂਕਿ ਸੰਗੀਤ ਦੀ ਮੁੱਢਲੀ ਸਿੱਖਿਆ ਉਹਨਾਂ ਨੇ ਆਪਣੇ ਦਾਦੇ ਬਖਤਾਵਰ ਸਿੰਘ ਤੋਂ ਹੀ ਹਾਸਲ ਕੀਤੀ ਸੀ, ਜਦੋਂ ਕਿ ਮਰਹੂਮ ਸੰਗੀਤਕਾਰ ਜਸਵੰਤ ਸਿੰਘ ਭੰਵਰਾ ਨੂੰ ਗੁਰੂ ਧਾਰਿਆ ਸੀ ।ਉਹਨਾਂ ਦੇ ਸੰਗੀਤਕ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਧਾਰਮਿਕ ਕੈਸੇਟ 'ਸਤਿਗੁਰ ਨਾਨਕ ਤੇਰੀ ਬਾਣੀ' ਕੱਢੀ ਸੀ ।
labh janjua
ਇਸ ਤੋਂ ਬਾਅਦ ਉਹਨਾਂ ਨੇ 'ਰਾਤਾਂ ਤੋਂ ਲੰਮੇ ਖ਼ਤ' ਕੈਸੇਟ ਕੱਢੀ ਸੀ । ਇਸ ਕੈਸੇਟ ਨਾਲ ਉਹਨਾਂ ਦੀ ਸੰਗੀਤ ਦੇ ਖੇਤਰ ਵਿੱਚ ਪਹਿਚਾਣ ਬਣ ਗਈ ਸੀ । ਇਸ ਤਰ੍ਹਾਂ ਉਹਨਾਂ ਨੇ 'ਪਿਆਰ ਦੇ ਰੁੱਕੇ', 'ਟਕੂਏ ਖੜ੍ਹਕਣਗੇ', 'ਬੇਵਫ਼ਾ', 'ਹਲਚਲ ਹੋਗੀ', 'ਵੈਰ ਬੁਰਾ ਹੁੰਦਾ ਜੱਟ ਦਾ', 'ਦਿਲਾਂ ਵਾਲੀ ਚੋਰਨੀ', 'ਜ਼ਿੱਦ ਜੱਟਾਂ ਦੀ', 'ਜੱਟ ਅਤੇ ਜਵਾਨ', 'ਪਿਆਰ ਨਸੀਬਾਂ ਦਾ', 'ਲੰਬੜਦਾਰ', 'ਜ਼ਾਅਲੀ ਪਾਸਪੋਰਟ', 'ਦੂਰ ਨਹੀਂ ਨਨਕਾਣਾ', 'ਰੁਸਤਮ-ਏ-ਹਿੰਦ', 'ਕਲਯੁੱਗ', 'ਰੀਝਾਂ', 'ਸਿਆਸਤ' ਅਤੇ 'ਐਮ.ਐਲ.ਏ. ਨੱਥਾ' ਸਣੇ ਕਈ ਹਿੱਟ ਗੀਤ ਦਿੱਤੇ ਸਨ ।
https://www.youtube.com/watch?v=FdS77VUE0d4
ਲਾਭ ਜੰਜੂਆ ਦੀ ਬਾਲੀਵੁੱਡ ਵਿੱਚ ਐਂਟਰੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਸਭ ਤੋਂ ਪਹਿਲਾ ਬਰੇਕ ਪ੍ਰਸਿੱਧ ਸੰਗੀਤਕਾਰ ਪ੍ਰੀਤਮ ਚੱਕਰਵਰਤੀ ਨੇ ਦਿੱਤਾ ਸੀ । ਬਾਲੀਵੁੱਡ ਵਿੱਚ ਉਹਨਾਂ ਦਾ ਸਭ ਤੋਂ ਹਿੱਟ ਗਾਣਾ 'ਮੁੰਡਿਆਂ ਤੋਂ ਬਚਕੇ ਰਹੀਂ ਨੀਂ ਤੂੰ ਹੁਣੇ ਹੁਣੇ ਹੋਈ ਮੁਟਿਆਰ' ਸਭ ਤੋਂ ਬਕਬੂਲ ਹੋਇਆ ਸੀ ।
https://www.youtube.com/watch?v=7ToxkJ2KBtk
ਇਸ ਤੋਂ ਬਾਅਦ ਉਹਨਾਂ ਨੇ ਫ਼ਿਲਮ 'ਗਰਮ ਮਸਾਲਾ' 'ਚ 'ਚੋਰੀ ਚੋਰੀ ਦਿਲ ਲੈ ਗਈ', 'ਢੋਲ' 'ਚ 'ਯਾਰਾ ਢੋਲ ਵਜਾ ਕੇ', 'ਹੈਟ੍ਰਿਕ' 'ਚ 'ਲੁੱਟ ਗਯਾ ਸਰਦਾਰ ਰੱਬ ਖ਼ੈਰ ਕਰੇ', 'ਪਾਰਟਨਰ' 'ਚ 'ਸੋਹਣੀ ਦੇ ਨਖਰੇ ਸੋਹਣੇ ਲਗਦੇ', 'ਸਿੰਘ ਇਜ਼ ਕਿੰਗ' 'ਚ 'ਜੀ ਕਰਦਾ ਬਈ ਜੀ ਕਰਦਾ, 'ਪਿਆਰ ਕੇ ਸਾਈਡ ਇਫੈਕਟ' 'ਚ 'ਪਾਪੇ ਪਿਆਰ ਕਰਕੇ ਪਛਤਾਇਆ', 'ਹਾਲ-ਏ-ਦਿਲ' 'ਚ 'ਅੱਗ ਲੱਗ ਗਈ ਅੱਜਕਲ੍ਹ ਦੇ ਫੈਸ਼ਨ ਨੂੰ', 'ਮੁਝੇ ਲਵ ਹੂਆ' ਦਾ ਟਾਈਟਲ ਗੀਤ ਗਾਇਆ, 'ਕੂਈਨ' 'ਚ 'ਲੰਡਨ ਠੁਮਕਦਾ', 'ਸਿੰਘ ਇਜ਼ ਬਿਲਿੰਗ' 'ਚ 'ਦਿਲ ਕਰੇ ਚੂੰ ਚੈਂ ਚੂੰ ਚੈਂ' ਵਰਗੇ ਗੀਤ ਗਾਏ ।
https://www.youtube.com/watch?v=40IlftR0R_U
ਇੱਥੇ ਹੀ ਬਸ ਨਹੀਂ ਉਹਨਾਂ ਨੇ ਹਿੰਦੀ ਫ਼ਿਲਮ 'ਤਸਕਰ' 'ਚ 'ਖਲਨਾਇਕ' ਦੀ ਭੂਮਿਕਾ ਵੀ ਨਿਭਾਈ ਸੀ । ਫ਼ਿਲਮ 'ਤੇਰਾ ਬੈਂਡ ਬਜੇਗਾ' ਅਤੇ ਜਦ 'ਇਸ਼ਕ ਨਚਾਵੇ' ਵਿੱਚ ਵੀ ਉਹਨਾਂ ਨੇ ਆਪਣਾ ਕਿਰਦਾਰ ਬਾਖੂਬੀ ਨਿਭਾਇਆ ਸੀ । 22 ਅਗਸਤ 2015 ਨੂੰ ਲਾਭ ਜੰਜੂਆ ਇਸ ਦੁਨੀਆ ਨੂੰ ਸਦੀਵੀ ਵਿਛੋੜਾ ਦੇ ਗਏ ਸਨ ।