ਕਬੱਡੀ ਦਾ ਸੁਲਤਾਨ ਕਿਹਾ ਜਾਣ ਵਾਲਾ ਸੁਲਤਾਨ ਮਲੇਰਕੋਟਲਾ ਦੇ ਸੀਂਹਦੋਦ ਨਜ਼ਦੀਕ ਰਹਿਣ ਵਾਲਾ ਹੈ ਜੋ ਕਦੇ ਕਬੱਡੀ ਦੇ ਮੈਦਾਨਾਂ 'ਚ ਧੁੰਮਾ ਪਾਉਂਦਾ ਸੀ ।ਅੱਜ ਬਜ਼ੁਰਗ ਮਾਪਿਆਂ ਦਾ ਸਹਾਰਾ ਬਣਨ ਦੀ ਬਜਾਏ ਖੁਦ ਆਪਣੇ ਮਾਪਿਆਂ ਲਈ ਬੋਝ ਬਣ ਚੁੱਕਿਆ ਹੈ । ਬੁਢਾਪੇ 'ਚ ਜਿਸ ਸੁਲਤਾਨ ਨੇ ਮਾਪਿਆਂ ਦਾ ਸਹਾਰਾ ਬਣਨਾ ਸੀ ਅੱਜ ਉਹ ਖੁਦ ਮਾਪਿਆਂ ਦਾ ਮੁਹਤਾਜ਼ ਹੋ ਚੁੱਕਿਆ ਹੈ । ਕਬੱਡੀ ਦਾ ਇਹ ਮਾਹਿਰ ਖਿਡਾਰੀ ਜਿਸ ਦੇ ਮੈਦਾਨ 'ਚ ਆਉਂਦਿਆਂ ਹੀ ਦੂਜੇ ਖਿਡਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਸੀ ਪਰ ਅੱਜ ਉਹ ਵਕਤ ਦੀ ਮਾਰ ਝੱਲ ਰਿਹਾ ਹੈ । ਜੀ ਹਾਂ ਸੀਂਹਦੋਦ ਦਾ ਸੁਲਤਾਨ ਸਮੇਂ ਦੀ ਮਾਰ ਝੱਲ ਰਿਹਾ ਹੈ । ਸੁਲਤਾਨ ਨੇ ਕਦੇ ਸੁਫ਼ਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਉਸ ਦੇ ਮਾਪਿਆਂ ਦੇ ਸੁਫ਼ਨਿਆਂ ਨੂੰ ਇੰਝ ਗ੍ਰਹਿਣ ਲੱਗ ਜਾਵੇਗਾ।ਸੁਲਤਾਨ ਨੇ 22ਸਾਲ ਕਬੱਡੀ ਨੂੰ ਦਿੱਤੇ ਹਨ ਅਤੇ ਹੁਣ ਤੱਕ ਜਿੰਨੇ ਵੀ ਟੂਰਨਾਮੈਂਟ 'ਚ ਖੇਡਿਆ ਹਰ ਟੂਰਨਾਮੈਂਟ 'ਚ ਬੈਸਟ ਖਿਡਾਰੀ ਦਾ ਖਿਤਾਬ ਜਿੱਤਿਆ ।
ਹੋਰ ਵੇਖੋ :ਮਦਨ ਮੱਦੀ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਕਈ ਹਿੱਟ ਗੀਤ, ਇੰਜੀਨੀਅਰਿੰਗ ਦੀ ਕੀਤੀ ਪੜ੍ਹਾਈ ਅਤੇ ਕਬੱਡੀ ‘ਚ ਰਹੇ ਗੋਲਡ ਮੈਡਲਿਸਟ
sultan sehadaud
ਕਬੱਡੀ ਦੇ ਮੈਦਾਨ 'ਚ ਸਾਥੀ ਟੀਮਾਂ ਨੂੰ ਭਾਂਜੜਾ ਪਾਉਣ ਵਾਲਾ ਇਹ ਖਿਡਾਰੀ ਅੱਜ ਮੰਜੇ 'ਤੇ ਬੈਠਣ ਲਈ ਮਜਬੂਰ ਹੈ ਅਤੇ ਇੱਕ ਖਿਡਾਰੀ ਨੂੰ ਜਦੋਂ ਬੈੱਡ 'ਤੇ ਏਨਾਂ ਲੰਮਾ ਸਮਾਂ ਬੈਠਣਾ ਪੈਂਦਾ ਹੈ ਤਾਂ ਇਹ ਕਿੰਨਾ ਔਖਾ 'ਤੇ ਮੁਸ਼ਕਿਲ ਭਰਿਆ ਹੁੰਦਾ ਹੈ ਇਸ ਨੂੰ ਸੁਲਤਾਨ ਤੋਂ ਜ਼ਿਆਦਾ ਕੋਈ ਨਹੀਂ ਸਮਝ ਸਕਦਾ । ਮਾੜੇ ਹਾਲਾਤਾਂ 'ਚ ਪਤਨੀ ਨੇ ਵੀ ਸੁਲਤਾਨ ਦਾ ਸਾਥ ਛੱਡ ਦਿੱਤਾ ਸੀ ।ਪਰ ਪਿੱਛੇ ਜਿਹੇ ਉਹ ਵਾਪਸ ਆਈ ਹੈ । ਸੁਲਤਾਨ ਦੇ ਘਰ 'ਚ ਉਨ੍ਹਾਂ ਦੇ ਪਿਤਾ,ਮਾਤਾ ਅਤੇ ਇੱਕ ਬੱਚਾ ਤੇ ਪਤਨੀ ਹੈ । ਆਪਣੇ ਚੰਗੇ ਦਿਨਾਂ ਨੂੰ ਯਾਦ ਕਰਕੇ ਸੁਲਤਾਨ ਅਕਸਰ ਭਾਵੁਕ ਹੋ ਜਾਂਦਾ ਹੈ । ਦੁਬਈ,ਇੰਗਲੈਂਡ,ਕੈਨੇਡਾ ਸਣੇ ਕਈ ਦੇਸ਼ਾਂ 'ਚ ਸੁਲਤਾਨ ਖੇਡ ਚੁੱਕਿਆ ਹੈ ।
sultan
ਆਰਥਿਕ ਤੰਗੀਆਂ ਤੁਰਸ਼ੀਆਂ ਕਰਕੇ ਉਸ ਨੂੰ ਉਸ ਦੇ ਦੋਸਤ ਆਰਿਥਕ ਮਦਦ ਮੁਹੱਈਆ ਕਰਵਾਉਂਦੇ ਰਹਿੰਦੇ ਸਨ ਜਿਸ ਕਰਕੇ ਉਨ੍ਹਾਂ ਦਾ ਗੁਜ਼ਾਰਾ ਚੱਲਦਾ ਸੀ । ਉਸ ਨੂੰ 2011 'ਚ ਸਵਿਫਟ ਗੱਡੀ ਵੀ ਇਨਾਮ ਵੱਜੋਂ ਮਿਲੀ ਸੀ ਇਸ ਤੋਂ ਇਲਾਵਾ 112 ਟੀਮਾਂ ਚੋਂ ਉਸ ਨੂੰ ਬੈਸਟ ਪਲੇਅਰ ਹੋਣ ਦਾ ਰੁਤਬਾ ਹਾਸਲ ਹੋਇਆ । ਸੁਲਤਾਨ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਉਹ ਕੁਇੰਟਲ ਦੇ ਬੰਦੇ ਨੂੰ ਢਾਹ ਲੈਂਦਾ ਸੀ ਅਤੇ ਕਈ ਫੁੱਟ ਦੂਰ ਤੱਕ ਸੁੱਟ ਦਿੰਦਾ ਸੀ । ਪਰ ਹੁਣ ਉਹ ਖੁਦ ਵੀ ਕਿਸੇ ਦੇ ਸਹਾਰੇ ਲੱਭਦਾ ਹੈ । ਇੱਕ ਸਮਾਂ ਤਾਂ ਅਜਿਹਾ ਸੀ ਕਿ ਉਹ ਆਪਣੇ ਬੈੱਡ ਤੋਂ ਵੀ ਉੱਠ ਨਹੀਂ ਸੀ ਸਕਦਾ ,ਪਰ ਮਾਪਿਆਂ ਵੱਲੋਂ ਕੀਤੀ ਸੇਵਾ ਤੇ ਉਸ ਦੇ ਚਾਹੁਣ ਵਾਲਿਆਂ ਦੀਆਂ ਦੁਆਵਾਂ ਸਦਕਾ ਅੱਜ ਉਹ ਪਹਿਲਾਂ ਨਾਲੋਂ ਠੀਕ ਹੈ ਅਤੇ ਹੌਲੀ ਹੌਲੀ ਉਸ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ ।
ਸੁਲਤਾਨ ਦਾ ਬੁਰਾ ਸਮਾਂ 2018 'ਚ ਉਦੋਂ ਸ਼ੁਰੂ ਹੋਇਆ ਜਦੋਂ ਉਹ ਆਪਣੇ ਮੋਟਰਸਾਈਕਲ 'ਤੇ ਕਿਤੇ ਜਾ ਰਿਹਾ ਸੀ । ਪਰ ਅਚਾਨਕ ਉਸ ਦਾ ਸਿਰ ਚਕਰਾ ਗਿਆ ਅਤੇ ਉਹ ਡਿੱਗ ਪਿਆ ਉਸ ਸਮੇਂ ਸੁਲਤਾਨ ਤੋਂ ਉੱਠਿਆ ਨਹੀਂ ਸੀ ਜਾ ਰਿਹਾ । ਸੁਲਤਾਨ ਨੂੰ ਕਿਸੇ ਦੋਸਤ ਨੇ ਹਸਪਤਾਲ ਪਹੁੰਚਾਇਆ ਤਾਂ ਡਾਕਟਰਾਂ ਨੇ ਦੱਸਿਆ ਕਿ ਉਸ ਨੂੰ ਅਧਰੰਗ ਦਾ ਅਟੈਕ ਹੋ ਗਿਆ ਹੈ।ਜਿਸ ਕਾਰਨ ਉਸ ਦਾ ਮੂੰਹ ਅਤੇ ਸਰੀਰ ਦੇ ਇੱਕ ਪਾਸੇ ਨੇ ਪੂਰੀ ਤਰ੍ਹਾਂ ਕੰਮ ਕਰਨਾ ਬੰਦ ਕਰ ਦਿੱਤਾ ਸੀ ।
ਜਿਸ ਤੋਂ ਬਾਅਦ ਉਸ ਦਾ ਪੀਜੀਆਈ ਚੰਡੀਗੜ੍ਹ 'ਚ ਇਲਾਜ ਚੱਲ ਰਿਹਾ ਹੈ । ਮਾਪਿਆਂ ਦੀ ਸੇਵਾ ਸਦਕਾ ਉਸ ਦੀ ਸਿਹਤ 'ਚ ਕਾਫੀ ਸੁਧਾਰ ਹੋਇਆ ਹੈ ।ਸੁਲਤਾਨ ਜਲਦ ਤੋਂ ਜਲਦ ਠੀਕ ਹੋ ਕੇ ਕਬੱਡੀ ਦੇ ਮੈਦਾਨ 'ਚ ਜਾਣਾ ਚਾਹੁੰਦਾ ਹੈ ਅਤੇ ਉਸ ਦਾ ਕਹਿਣਾ ਹੈ ਕਿ ਜੇ ਉਹ ਖੁਦ ਨਹੀਂ ਗਿਆ ਤਾਂ ਆਪਣੇ ਪੁੱਤਰ ਨੂੰ ਇਸ ਖੇਡ ਨਾਲ ਜੋੜੇਗਾ ।ਸੁਲਤਾਨ ਦੇ ਪਿਤਾ ਗਰੀਬੀ ਦੇ ਨਾਲ-ਨਾਲ ਗਠੀਏ ਦੇ ਮਰੀਜ਼ ਹਨ ਅਤੇ ਉਹ ਖ਼ੁਦ ਵੀ ਕਬੱਡੀ ਦੇ ਖਿਡਾਰੀ ਰਹੇ ਹਨ । ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੁੱਤਰ ਜਲਦ ਤੋਂ ਜਲਦ ਠੀਕ ਹੋ ਜਾਵੇ ।ਅਸੀਂ ਵੀ ਇਹੀ ਅਰਦਾਸ ਕਰਦੇ ਹਾਂ ਕਿ ਸੁਲਤਾਨ ਜਲਦ ਤੋਂ ਜਲਦ ਠੀਕ ਹੋ ਕੇ ਮੁੜ ਤੋਂ ਕਬੱਡੀ ਦੇ ਮੈਦਾਨ 'ਚ ਧੁੰਮਾਂ ਪਾਵੇ ।