ਰਿਸ਼ਤਿਆਂ ‘ਚ ਪਿਆਰ ਤੇ ਤਕਰਾਰ ਨੂੰ ਬਿਆਨ ਕਰਦਾ ਪੰਜਾਬੀ ਫ਼ਿਲਮ ‘ਤੂੰ ਮੇਰਾ ਕੀ ਲੱਗਦਾ’ ਦਾ ਸ਼ਾਨਦਾਰ ਟਰੇਲਰ ਹੋਇਆ ਰਿਲੀਜ਼, ਦੇਖੋ ਵੀਡੀਓ

ਹਰਜੀਤ ਹਰਮਨ ਦੀ ਆਉਣ ਵਾਲੀ ਫ਼ਿਲਮ ‘ਤੂੰ ਮੇਰਾ ਕੀ ਲੱਗਦਾ’ ਦਾ ਸ਼ਾਨਦਾਰ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਪੰਜਾਬੀ ਪੇਂਡੂ ਸੱਭਿਆਚਾਰ ਨਾਲ ਜੁੜੇ ਟਰੇਲਰ ‘ਚ ਰਿਸ਼ਤਿਆਂ ‘ਚ ਪਿਆਰ ਤੇ ਤਕਰਾਰ ਨੂੰ ਬਹੁਤ ਹੀ ਖ਼ੂਬਸੂਰਤ ਢੰਗ ਦੇ ਨਾਲ ਪੇਸ਼ ਕੀਤਾ ਗਿਆ ਹੈ। ਟਰੇਲਰ ‘ਚ ਬੜੇ ਹੀ ਦਿਲਚਸਪ ਮੋੜ ਦੇਖਣ ਨੂੰ ਮਿਲ ਰਹੇ ਹਨ। ਜਿਸਦਾ ਖੁਲਾਸਾ ਫ਼ਿਲਮ ਦੇ ਰਿਲੀਜ਼ ਤੋਂ ਬਾਅਦ ਹੀ ਹੋਵੇਗਾ।
ਫ਼ਿਲਮ ‘ਚ ਹਰਜੀਤ ਹਰਮਨ ਤੇ ਸ਼ੀਫਾਲੀ ਸ਼ਰਮਾ ਲੀਡ ਰੋਲ ‘ਚ ਨਜ਼ਰ ਆਉਣਗੇ। ਫ਼ਿਲਮ ਦੀ ਕਹਾਣੀ ਹਰਜੀਤ ਹਰਮਨ ਤੇ ਸ਼ੀਫਾਲੀ ਸ਼ਰਮਾ ਦੇ ਆਲੇ-ਦੁਆਲੇ ਘੁੰਮਦੀ ਹੋਈ ਨਜ਼ਰ ਆਵੇਗੀ। ਇਸ ਤੋਂ ਇਲਾਵਾ ਯੋਗਰਾਜ ਸਿੰਘ, ਗੁਰਮੀਤ ਸਾਜਨ, ਗੁਰਪ੍ਰੀਤ ਭੰਗੂ, ਰਵਿੰਦਰ ਗਰੇਵਾਲ, ਪ੍ਰਿੰਸ ਕੇਜੇ ਸਿੰਘ, ਨਿਸ਼ਾ ਬਾਨੋ ਵਰਗੇ ਵੱਡੇ ਕਲਾਕਾਰ ਅਹਿਮ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ। ਟਰੇਲਰ The Punjabi Tune ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਟਰੇਲਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਇਸ ਫ਼ਿਲਮ ਦੀ ਕਹਾਣੀ ਤੇ ਨਿਰਦੇਸ਼ਨ ਮਨਜੀਤ ਸਿੰਘ ਟੋਨੀ ਤੇ ਗੁਰਮੀਤ ਸਾਜਨ ਹੋਰਾਂ ਨੇ ਕੀਤਾ ਹੈ। ਇਹ ਫ਼ਿਲਮ ਵਿਨਰਜ਼ ਫ਼ਿਲਮ ਪ੍ਰੋਡਕਸ਼ਨ ਦੇ ਬੈਨਰ ਹੇਠ 6 ਦਸੰਬਰ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋ ਜਾਵੇਗੀ।