ਸੁਰਿੰਦਰ ਕੌਰ ਪੰਜਾਬ ਦੀ ਉਹ ਨਾਮਵਰ ਗਾਇਕਾ ਹੈ ਜਿਸ ਨੂੰ ਕਿ ਆਪਣੀ ਸੁਰੀਲੀ ਅਵਾਜ਼ ਕਰਕੇ ਪੰਜਾਬ ਦੀ ਕੋਇਲ ਦਾ ਖਿਤਾਬ ਮਿਲਿਆ ਹੈ । ਅੱਜ ਉਹਨਾਂ ਦੀ ਬਰਸੀ ਹੈ । ਉਹਨਾਂ ਦੀ ਬਰਸੀ ਤੇ ਗਾਇਕ ਹਰਭਜਨ ਮਾਨ ਸਮੇਤ ਹੋਰ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਹਨ । ਤੁਹਾਨੂੰ ਦੱਸ ਦਿੰਦੇ ਹਾ ਕਿ ਸੁਰਿੰਦਰ ਕੌਰ ਕੁਝ ਸਮਾਂ ਬਿਮਾਰ ਰਹੇ ਉਹ ਆਪਣੇ ਇਲਾਜ਼ ਲਈ ਅਮਰੀਕਾ ਗਏ ਸਨ ਜਿੱਥੇ ਉਹਨਾਂ ਦਾ 14 ਜੂਨ 2006 ਵਿੱਚ ਦਿਹਾਂਤ ਹੋ ਗਿਆ ।
ਹੋਰ ਪੜ੍ਹੋ :
ਅਦਾਕਾਰਾ ਕਿਰਨ ਖੇਰ ਦੇ ਜਨਮ ਦਿਨ ਤੇ ਜਾਣੋਂ ਕਿਵੇਂ ਇੱਕ ਕੌਮੀ ਪੱਧਰ ਦੀ ਖਿਡਾਰਨ ਬਣ ਗਈ ਬਾਲੀਵੁੱਡ ਅਦਾਕਾਰਾ
ਸੁਰਿੰਦਰ ਕੌਰ ਦੇ ਦਿਹਾਂਤ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਉਹਨਾਂ ਨੂੰ ਪੰਜਾਬ ਦੀ ਕੋਇਲ ਦਾ ਖਿਤਾਬ ਦਿੱਤਾ । ਸੁਰਿੰਦਰ ਕੌਰ ਨੇ ਪੰਜਾਬ ਦੇ ਲੋਕਾਂ ਨੂੰ ਕਈ ਹਿੱਟ ਗਾਣੇ ਦਿੱਤੇ ਜਿਹੜੇ ਕਿ ਅੱਜ ਵੀ ਗੁਣਗੁਣਾਏ ਜਾਂਦੇ ਹਨ । ਉਹਨਾਂ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ 1929 ਨੂੰ ਪਾਕਿਸਤਾਨ ਦੇ ਲਹੌਰ ਵਿੱਚ ਹੋਇਆ ਸੀ । ਉਹਨਾਂ ਨੇ ਆਪਣੇ ਸੰਗੀਤ ਦੇ ਸਫਰ ਦਾ ਆਗਾਜ਼ 1943 ਨੂੰ ਲਹੌਰ ਦੇ ਰੇਡੀਓ ਸਟੇਸ਼ਨ ਤੋਂ ਕੀਤਾ ਸੀ । ਸੁਰਿੰਦਰ ਕੌਰ ਨੇ ਆਪਣਾ ਪਹਿਲਾ ਗੀਤ ਮਾਵਾਂ ਤੇ ਧੀਆਂ ਰਲ ਬੈਠੀਆਂ ਆਪਣੀ ਭੈਣ ਪ੍ਰਕਾਸ਼ ਕੌਰ ਨਾਲ ਰਿਕਾਰਡ ਕੀਤਾ ਸੀ ।
1947 ਵਿੱਚ ਜਦੋਂ ਦੇਸ਼ ਦੀ ਵੰਡ ਹੋਈ ਤਾਂ ਉਹਨਾਂ ਦਾ ਪੂਰਾ ਪਰਿਵਾਰ ਦਿੱਲੀ ਦੇ ਨੇੜੇ ਗਾਜ਼ੀਆਬਾਦ ਆ ਕੇ ਰਹਿਣ ਲੱਗ ਗਿਆ ਸੀ । 1948 ਵਿੱਚ ਸੁਰਿੰਦਰ ਕੌਰ ਦਾ ਵਿਆਹ ਪ੍ਰੋ. ਜੋਗਿੰਦਰ ਸਿੰਘ ਸੋਢੀ ਨਾਲ ਹੋਇਆ । ਜੋਗਿੰਦਰ ਸਿੰਘ ਦਿੱਲੀ ਯੂਨੀਵਰਸਿਟੀ ਵਿੱਚ ਪੰਜਾਬੀ ਸਾਹਿਤ ਦੇ ਲੈਕਚਰਾਰ ਸਨ । 1948 ਵਿੱਚ ਹੀ ਸੁਰਿੰਦਰ ਕੌਰ ਨੇ ਬਾਲੀਵੁੱਡ ਵਿੱਚ ਪਲੇਬੈਕ ਸਿੰਗਰ ਦੇ ਤੌਰ ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਤੇ ਮਿਊਜ਼ਿਕ ਡਾਇਰੈਕਟਰ ਗੁਲਾਮ ਹੈਦਰ ਨੇ ਉਹਨਾਂ ਤੋਂ ਸ਼ਹੀਦ ਫਿਲਮ ਲਈ ਤਿੰਨ ਗੀਤ ਰਿਕਾਰਡ ਕਰਵਾਏ ਸਨ । ਪਰ ਸੁਰਿੰਦਰ ਕੌਰ ਪੰਜਾਬੀ ਜ਼ੁਬਾਨ ਵਿੱਚ ਫੋਕ ਗਾਣੇ ਗਾਉਣਾ ਚਾਹੁੰਦੇ ਸਨ ਇਸੇ ਲਈ ਉਹ ਮੁੰਬਈ ਛੱਡ ਕੇ ਦਿੱਲੀ ਆ ਗਏ ।
ਇਸ ਦੌਰਾਨ ਉਹਨਾਂ ਨੇ ਕਈ ਹਿੱਟ ਗੀਤ ਪੰਜਾਬੀ ਸਰੋਤਿਆਂ ਨੂੰ ਦਿੱਤੇ 'ਚੰਨ ਕਿੱਥੇ ਗੁਜ਼ਾਰ ਆਇਆ ਰਾਤ, ਲੱਠੇ ਦੀ ਚਾਦਰ, ਸ਼ੌਂਕਣ ਮੇਲੇ ਦੀ, ਗੋਰੀ ਦੀਆਂ ਝਾਂਜਰਾਂ, ਸੜਕੇ ਸੜਕੇ ਜਾਂਦੀਏ ਇਹ ਗੀਤ ਪੰਜਾਬ ਦੇ ਨਾਮਵਰ ਗੀਤਕਾਰਾਂ ਨੇ ਲਿਖੇ ਸਨ ਪਰ ਸੁਰਿੰਦਰ ਕੌਰ ਨੇ ਇਹਨਾਂ ਗੀਤਾਂ ਨੂੰ ਆਪਣੀ ਅਵਾਜ਼ ਦੇ ਕੇ ਦੁਨੀਆ ਦੇ ਕੋਨੇ ਕੋਨੇ ਤੱਕ ਪਹੁੰਚਾ ਦਿੱਤਾ ਸੀ । ਸੁਰਿੰਦਰ ਕੌਰ ਨੇ ਆਪਣੀ ਅਵਾਜ਼ ਵਿੱਚ ਲਗਭਗ 2000 ਤੋਂ ਵੱਧ ਗੀਤ ਰਿਕਾਰਡ ਕੀਤੇ ਹਨ, ਇਹਨਾਂ ਗੀਤਾਂ ਵਿੱਚ ਉਹਨਾਂ ਦੇ ਡਿਊਟ ਸੌਂਗ ਵੀ ਸ਼ਾਮਿਲ ਹਨ ।
ਸੁਰਿੰਦਰ ਕੌਰ ਨੇ ਆਸਾ ਸਿੰਘ ਮਸਤਾਨਾ, ਕਰਨੈਲ ਗਿੱਲ, ਹਰਚਰਨ ਗਰੇਵਾਲ, ਰੰਗੀਲਾ ਜੱਟ ਤੇ ਦੀਦਾਰ ਸੰਧੂ ਨਾਲ ਕਈ ਗੀਤ ਗਾਏ । ਇਸ ਤੋਂ ਇਲਾਵਾ ਉਹਨਾਂ ਨੇ ਪ੍ਰਕਾਸ਼ ਕੌਰ ਨਾਲ ਵੀ ਕਈ ਗੀਤ ਗਾਏ । ਇਹਨਾਂ ਗੀਤਾਂ 'ਚ ਕਾਲਾ ਡੋਰੀਆ, ਬਾਜ਼ਰੇ ਦਾ ਸਿੱਟਾ, ਭਾਬੋ ਕਹਿੰਦੀ ਆ ਤੇ ਹੋਰ ਕਈ ਗੀਤ ਸ਼ਾਮਿਲ ਹਨ ਇਹਨਾਂ ਗੀਤਾਂ ਨਾਲ ਦੋਹਾਂ ਭੈਣਾਂ ਦੀ ਵੱਖਰੀ ਪਹਿਚਾਣ ਬਣ ਗਈ ਸੀ । ਜੇਕਰ ਸੁਰਿੰਦਰ ਕੌਰ ਦੇ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਵਿਆਹ ਤੋਂ ਬਾਅਦ ਉਹਨਾਂ ਦੇ ਘਰ ਵਿੱਚ ਤਿੰਨ ਬੇਟੀਆਂ ਨੇ ਜਨਮ ਲਿਆ ।
ਉਹਨਾਂ ਦੀ ਬੇਟੀ ਡੌਲੀ ਗੁਲੇਰੀਆ ਵੀ ਪੰਜਾਬੀ ਗਾਇਕਾ ਹੈ । ਸੁਰਿੰਦਰ ਕੌਰ ਨੂੰ ਆਪਣੇ ਗੀਤਾਂ ਲਈ ਕਈ ਅਵਾਰਡ ਵੀ ਮਿਲੇ ਹਨ । ਉਹਨਾਂ ਨੂੰ ਫੋਕ ਗੀਤਾਂ ਕਰਕੇ ਸੰਗੀਤ ਨਾਟਕ ਅਕੈਡਮੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ । ਇਸ ਤੋਂ ਇਲਾਵਾ ਉਹਨਾਂ ਨੂੰ ਇੰਡੀਆ ਨੈਸ਼ਨਲ ਅਕੈਡਮੀ ਮਿਊਜ਼ਿਕ ਡਾਂਸ ਐਂਡ ਥਿਏਟਰ ਮਿਲੇਨੀਅਮ ਅਵਾਰਡ ਨਾਲ ਨਿਵਾਜਿਆ ਗਿਆ । ਇਸੇ ਤਰ੍ਹਾਂ ਉਹਨਾਂ ਨੂੰ ਦੇਸ਼ ਦੇ ਰਾਸ਼ਟਰਪਤੀ ਵੱਲੋਂ ਪਦਮ ਸ਼੍ਰੀ ਅਵਾਰਡ ਨਾਲ ਵੀ ਨਿਵਾਜਿਆ ਗਿਆ ਹੈ ।