Harbhajan Mann news: ਪੰਜਾਬੀ ਮਿਊਜ਼ਿਕ ਜਗਤ ਦੇ ਦਿੱਗਜ ਗਾਇਕ ਹਰਭਜਨ ਮਾਨ ਜੋ ਕਿ ਇੱਕ ਲੰਬੇ ਅਰਸੇ ਤੋਂ ਆਪਣੀ ਗਾਇਕੀ ਦੇ ਨਾਲ ਮਾਂ ਬੋਲੀ ਪੰਜਾਬੀ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਨੇ ਸਾਫ਼ ਸੁਥਰੀ ਤੇ ਸੱਭਿਆਚਾਰਕ ਗਾਇਕੀ ਦੇ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਖ਼ਾਸ ਜਗ੍ਹਾ ਬਣਾਈ ਹੈ। ਦੱਸ ਦਈਏ ਹਰਭਜਨ ਮਾਨ ਨੇ ਪੰਜਾਬੀ ਇੰਡਸਟਰੀ ‘ਚ 30 ਸਾਲ ਪੂਰੇ ਕਰ ਲਏ ਹਨ। ਉਨ੍ਹਾਂ ਨੇ ਆਪਣੇ ਫੈਨਜ਼ ਦਾ ਧੰਨਵਾਦ ਕਰਦੇ ਹੋਏ ਲੰਬੀ ਚੌੜੀ ਪੋਸਟ ਪਾਈ ਹੈ ਜਿਸ ਵਿੱਚ ਉਹ ਕੁਝ ਭਾਵੁਕ ਹੁੰਦੇ ਹੋਏ ਵੀ ਨਜ਼ਰ ਆਏ।
ਹੋਰ ਪੜ੍ਹੋ : ਡਿਲੀਵਰੀ ਤੋਂ ਬਾਅਦ ਆਲੀਆ ਭੱਟ ਦਾ ਬਚਪਨ ਦਾ ਵੀਡੀਓ ਆਇਆ ਸਾਹਮਣੇ, 'ਬੇਬੀ' ਆਲੀਆ ਦੀ ਕਿਊਟਨੈੱਸ ਜਿੱਤ ਰਹੀ ਹੈ ਦਰਸ਼ਕਾਂ ਦਾ ਦਿਲ
image source: Instagram
ਹਰਭਜਨ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਲਿਖਿਆ ਹੈ, ‘ਹਾਲੇ ਮੈਂ ਆਪਣੀ ਉਮਰ ਦਾ ਕਰੀਬ ਇੱਕ ਦਹਾਕਾ ਹੀ ਟੱਪਿਆ ਸੀ, ਜਦੋਂ ਮੇਰੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਮੇਰੇ ਪਿੰਡ ਖੇਮੂਆਣਾ, ਪੰਜਾਬ ਤੋਂ ਹੋਈ...ਛੋਟੀ ਉਮਰੇ ਜਦੋਂ ਮੈਂ ਤੇ ਮੇਰਾ ਨਿੱਕਾ ਵੀਰ ਗੁਰਸੇਵਕ ਮਾਨ ਇਕੱਠੇ ਗਾਉਣ ਲੱਗੇ ਤਾਂ ਮੈਨੂੰ ਅਹਿਸਾਸ ਹੋਇਆ ਕਿ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਜਨੂੰਨ ਗਾਉਣਾ ਹੈ...ਗਾਇਕੀ ਦਾ ਇਹ ਜਨੂੰਨ ਮੇਰੀ ਸ਼ੁਰੂਆਤੀ ਜ਼ਿੰਦਗੀ ਦੇ ਹਰ ਪੜ੍ਹਾਅ ‘ਤੇ ਕਾਇਮ ਰਿਹਾ ਅਤੇ ਇਹੀ ਜਨੂੰਨ ਮੇਰੇ ਕਰੀਅਰ ਦੇ ਖਾਬ ਵਿੱਚ ਬਦਲ ਗਿਆ। ਮੇਰਾ ਇਹ ਖਾਬ ਸਾਲ 1992 ‘ਚ ਉਦੋਂ ਪੂਰਾ ਹੋਇਆ ਜਦੋਂ ਮੇਰੀ ਐਲਬਮ ‘ਚਿੱਠੀਏ ਨੀ ਚਿੱਠੀਏ’ ਨੂੰ ਮੇਰੇ ਪਿਆਰੇ ਸਰੋਤਿਆਂ ਨੇ ਬੇਹੱਦ ਪਿਆਰ ਦਿੱਤਾ...ਉਦੋਂ ਤੋਂ ਲੈ ਕੇ ਅੱਜ ਤੱਕ ਮੇਰੇ ਕਲਾਤਮਕ ਸਫ਼ਰ ਦੌਰਾਨ ਮੇਰੇ ਸੰਗੀਤ ਤੇ ਫ਼ਿਲਮਾਂ ਨੂੰ ਮੇਰੇ ਚਹੇਤਿਆਂ ਨੇ ਜੋ ਪਿਆਰ ਦਿੱਤਾ ਹੈ, ਉਸ ਲਈ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ।”
Image Source :Instagram
ਉਨ੍ਹਾਂ ਨੇ ਅੱਗੇ ਲਿਖਿਆ, “ਹੁਣ ਇਸ ਸਾਲ ਮੈਂ ਤੁਹਾਡੇ ਸਾਰਿਆਂ ਨਾਲ ਆਪਣੇ ਸੰਗੀਤਕ ਸਫ਼ਰ ਦੇ 30 ਸਾਲ ਪੂਰੇ ਕਰ ਰਿਹਾ ਹਾਂ। ਇਸ ਖੂਬਸੂਰਤ ਪਲ ਨੂੰ ਇੱਕ ਯਾਦਗਾਰ ਬਣਾਉਂਦੇ ਹੋਏ ਮੈਂ ਆਪਣੀ ਨਵੀਂ ਐਲਬਮ, ‘ਮਾਈ ਵੇਅ- ਮੈਂ ਤੇ ਮੇਰੇ ਗੀਤ’ ਤੁਹਾਡੇ ਸਭ ਨਾਲ ਰਿਲੀਜ਼ ਕਰਨ ਦਾ ਐਲਾਨ ਕਰਦੇ ਹੋਏ ਬੇਹੱਦ ਖੁਸ਼ੀ ਮਹਿਸੂਸ ਕਰ ਰਿਹਾ ਹਾਂ। ਇਸ ਐਲਬਮ ‘ਚ ਸ਼ਾਮਿਲ ਵੱਖ ਵੱਖ ਰੰਗਾਂ ਦੇ ਅੱਠ ਗੀਤ ਬਾਬੂ ਸਿੰਘ ਮਾਨ ਜੀ ਦੀ ਕਲਮ ਵਿੱਚੋਂ ਨਿਕਲੇ ਨੇ, ਜਿਸ ਨੂੰ ਲਾਡੀ ਗਿੱਲ ਨੇ ਆਪਣੀਆਂ ਸੰਗੀਤਕ ਧੁਨਾਂ ਨਾਲ ਸੰਗੀਤਬੱਧ ਕੀਤਾ ਹੈ। ਇਨ੍ਹਾਂ ਗੀਤਾਂ ਦਾ ਫਿਲਮਾਂਕਣ ਪੰਜਾਬ, ਹਿਮਾਚਲ ਪ੍ਰਦੇਸ਼, ਆਸਟਰੇਲੀਆ ਤੇ ਨਿਊਜ਼ੀਲੈਂਡ ਦੀਆਂ ਬਹੁਤ ਦਿਲਕਸ਼ ਥਾਵਾਂ ‘ਤੇ ਕੀਤਾ ਗਿਆ ਹੈ। ਇਸ ਐਲਬਮ ਦੇ ਗੀਤਾਂ ਨੂੰ ਦੋ ਹਿੱਸਿਆਂ ‘ਚ ਰਿਲੀਜ਼ ਕੀਤਾ ਜਾਵੇਗਾ। ਇਸ ਦੇ ਚਾਰ ਗੀਤ ਨਵੰਬਰ, 2022 ‘ਚ ਰਿਲੀਜ਼ ਹੋਣਗੇ, ਜਦਕਿ ਬਾਕੀ ਦੇ 4 ਗੀਤ ਜਨਵਰੀ 2023 ਵਿੱਚ ਰਿਲੀਜ਼ ਕੀਤੇ ਜਾਣਗੇ।”
Image Source :Instagram
ਮਾਨ ਨੇ ਅੱਗੇ ਲਿਖਿਆ, “ਮੇਰੀ ਜ਼ਿੰਦਗੀ ਵਿੱਚ ਮੇਰੇ ਪਰਿਵਾਰ ਤੇ ਕਲਾਤਮਕ ਦੁਨੀਆ ਲਈ ਮੇਰੇ ਚਹੇਤਿਆਂ ਦਾ ਪਿਆਰ ਮੇਰੀ ਸਭ ਤੋਂ ਵੱਡੀ ਤਾਕਤ ਰਿਹਾ ਹੈ। ਮੈਨੂੰ ਆਸ ਹੈ ਕਿ ਜਿਵੇਂ ਮੇਰੇ ਪਿਛਲੇ 30 ਸਾਲਾਂ ਦੇ ਸੰਗੀਤਕ ਸਫ਼ਰ ਦੇ ਹਰ ਦਿਨ ਨੂੰ ਤੁਸੀਂ ਆਪਣੀ ਮੁਹੱਬਤ ਦੇ ਰੰਗ ਨਾਲ ਭਰਿਆ ਹੈ। ਉਵੇਂ ਹੀ ਆਉਣ ਵਾਲੇ ਸਾਲਾਂ, ਮਹੀਨਿਆਂ, ਦਿਨਾਂ ਅਤੇ ਪਲਾਂ ਨੂੰ ਤੁਸੀਂ ਮੇਰਾ ਤੇ ਮੇਰੇ ਕਲਾਤਮਕ ਦੁਨੀਆ ਦਾ ਅਟੁੱਟ ਹਿੱਸਾ ਬਣ ਕੇ ਇਸ ਨੂੰ ਯਾਦਗਾਰ ਬਣਾਉਂਦੇ ਰਹੋਗੇ। ਤੁਹਾਡਾ ਆਪਣਾ- ਹਰਭਜਨ ਮਾਨ”
ਦਸ ਦਈਏ ਕਿ ਹਰਭਜਨ ਮਾਨ ਨੇ ਹਾਲ ਹੀ ‘ਚ ਆਸਟਰੇਲੀਆ ਤੇ ਨਿਊਜ਼ੀਲੈਂਡ ‘ਚ ਲਾਈਵ ਕੰਸਰਟ ਕੀਤੇ ਸੀ, ਜੋ ਕਿ ਹਾਊਸਫੁੱਲ ਰਹੇ ਸੀ। ਉਨ੍ਹਾਂ ਨੇ ਇਨ੍ਹਾਂ ਦੇਸ਼ਾਂ ਵਿੱਚ ਕੁੱਲ 16 ਸ਼ੋਅਜ਼ ਲਗਾਏ, ਜਿਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲਿਆ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ਵਿੱਚ ਆਪਣਾ ਅਣਮੁੱਲਾ ਯੋਗਦਾਨ ਦੇ ਚੁੱਕੇ ਹਨ। ਇਸੇ ਸਾਲ ਉਹ ਪੀ.ਆਰ ਫ਼ਿਲਮ ਵਿੱਚ ਨਜ਼ਰ ਆਏ ਸਨ।
View this post on Instagram
A post shared by Harbhajan Mann (@harbhajanmannofficial)