ਅੱਜ ਹੈ ਪੰਜਾਬੀ ਗਾਇਕ ਮਾਸ਼ਾ ਅਲੀ ਦਾ ਜਨਮਦਿਨ, ਪਿੰਡ ‘ਚੋਂ ਉੱਠਕੇ ਗਾਇਕੀ ‘ਚ ਚਮਕਾਇਆ ਨਾਂਅ, ਜ਼ਿੰਦਗੀ ‘ਚ ਇਹ ਸੁਫ਼ਨਾ ਕਰਨਾ ਚਾਹੁੰਦੇ ਨੇ ਪੂਰਾ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਮਾਸ਼ਾ ਅਲੀ 10 ਅਪ੍ਰੈਲ ਯਾਨੀ ਕਿ ਅੱਜ ਆਪਣਾ ਜਨਮਦਿਨ ਮਨਾ ਰਹੇ ਨੇ । ਹਾਲ ਹੀ ‘ਚ ਉਨ੍ਹਾਂ ਦਾ ਨਵਾਂ ਧਾਰਮਿਕ ਗੀਤ ‘ਬਾਬਾ ਨਾਨਕ ਦੁਨੀਆ ਤੋਰ ਰਿਹਾ’ ਦਰਸ਼ਕਾਂ ਦੇ ਸਨਮੁਖ ਹੋਇਆ ਹੈ । ਜੇ ਗੱਲ ਕਰੀਏ ਉਨ੍ਹਾਂ ਦੀ ਗਾਇਕ ਸਫ਼ਰ ਬਾਰੇ ਤਾਂ ਇਹ ਇੰਨਾ ਅਸਾਨ ਨਹੀਂ ਸੀ । ਗਰੀਬ ਪਰਿਵਾਰ ਦੇ ਨਾਲ ਸਬੰਧ ਰੱਖਣ ਵਾਲੇ ਮਾਸ਼ਾ ਅਲੀ ਨੇ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕੀਤਾ । ਪਰ ਉਨ੍ਹਾਂ ਨੇ ਮਿਹਨਤ ਦਾ ਲੜ ਨਹੀਂ ਛੱਡਿਆ ਤੇ ਅੱਜ ਮਖਮਲੀ ਆਵਾਜ਼ ਦੇ ਮਾਲਿਕ ਮਾਸ਼ਾ ਅਲੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਚਮਕਦੇ ਹੋਏ ਸਿਤਾਰੇ ਨੇ ।
ਜੇ ਗੱਲ ਕਰੀਏ ਉਨ੍ਹਾਂ ਦੇ ਜੀਵਨ ਬਾਰੇ ਤਾਂ ਉਨ੍ਹਾਂ ਦਾ ਜਨਮ ਬਠਿੰਡਾ ਜ਼ਿਲੇ ਦੇ ਛੋਟੇ ਜਿਹੇ ਪਿੰਡ' ਚ ਹੋਇਆ । ਉਨ੍ਹਾਂ ਦੇ ਪਿਤਾ ਦਾ ਨਾਂਅ ਰਾਜਾ ਖ਼ਾਨ ਅਤੇ ਮਾਤਾ ਦਾ ਨਾਂ ਮੀਧੋ ਬੇਗ਼ਮ ਹੈ, ਪਰ ਉਨ੍ਹਾਂ ਦੇ ਮਾਤਾ ਜੀ 1996 ‘ਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ । ਮਾਸ਼ਾ ਅਲੀ ਆਪਣੇ ਪਰਿਵਾਰ ਨੂੰ ਇਸ ਮੁਸ਼ਿਕਲ ਸਮੇਂ ‘ਚ ਕੱਢ ਕੇ ਚੰਗੀ ਜ਼ਿੰਦਗੀ ਦੇਣਾ ਚਾਹੁੰਦੇ ਸਨ । ਉਨ੍ਹਾਂ ਨੇ ਆਪਣੀ ਮੁੱਢਲੀ ਪੜ੍ਹਾਈ ਆਪਣੇ ਪਿੰਡ ਨੱਤ ਦੇ ਪ੍ਰਾਇਮਰੀ ਸਕੂਲ ਤੋਂ ਕੀਤੀ ਹੈ । ਅੱਗੇ ਦੀ ਪੜ੍ਹਾਈ ਉਨ੍ਹਾਂ ਨੇ ਰਜਿੰਦਰਾ ਕਾਲਜ ਬਠਿੰਡਾ, ਐਸ.ਡੀ. ਕਾਲਜ ਬਰਨਾਲਾ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ‘ਚ ਕੀਤੀ ਪਰ ਉਨ੍ਹਾਂ ਨੇ ਆਪਣੀ ਪੜ੍ਹਾਈ ਦੇ ਨਾਲ ਗਾਇਕੀ ਨੂੰ ਵੀ ਬਰਕਰਾਰ ਰੱਖਿਆ । ਕਾਲਜ ਸਮੇਂ ਯੂਥ ਫੈਸਟੀਵਲਾਂ ‘ਚ ਉਨ੍ਹਾਂ ਵੱਲੋਂ ਗਾਏ ਗੀਤਾਂ ਨੂੰ ਵਿਦਿਆਰਥੀਆਂ ਦੇ ਨਾਲ ਅਧਿਆਪਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਸੀ । ਇਸੇ ਹੱਲਾਸ਼ੇਰੀ ਦੇ ਚੱਲਦੇ ਉਨ੍ਹਾਂ ਨੇ ਆਪਣੀ ਮਿਹਨਤ ਸਦਕਾ ਮਿਊਜ਼ਿਕ ਦਾ ਰਿਆਲਟੀ ਸ਼ੋਅ ਦਾ ਖਿਤਾਬ ਜਿੱਤਿਆ । ਜਿਸ ਤੋਂ ਬਾਅਦ ਉਨ੍ਹਾਂ ਨੇ ਪਹਿਲੀ ਐਲਬਮ ‘ਜਿੰਨੀ ਬੀਤੀ ਚੰਗੀ ਬੀਤੀ…’ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ।
ਉਨ੍ਹਾਂ ਨੇ ਬਹੁਤ ਸਾਰੇ ਪੰਜਾਬੀ ਗੀਤ ਗਾਏ ਨੇ, ਜਿਨ੍ਹਾਂ ਚ ਰੋਮਾਂਟਿਕ, ਸੈਡ ਤੇ ਬੀਟ ਸੌਂਗ ਸਨ, ਪਰ ਜ਼ਿਆਦਾ ਸ਼ੌਹਰਤ ਉਨ੍ਹਾਂ ਨੂੰ ਸੈਡ ਗੀਤਾਂ ਨੇ ਦਿਵਾਈ । ‘ਖੰਜਰ’ ਗਾਣੇ ਨੇ ਉਨ੍ਹਾਂ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ । ਜੀ ਹਾਂ ਸਾਲ 2011 ‘ਚ ਆਇਆ ਖੰਜਰ ਗੀਤ ਦਰਸ਼ਕਾਂ ‘ਚ ਇੰਨਾ ਮਕਬੂਲ ਹੋਇਆ ਕਿ ਇਹ ਗੀਤ ਅੱਜ ਵੀ ਲੋਕਾਂ ਦੀ ਜ਼ੁਬਾਨ ‘ਤੇ ਚੜ੍ਹਾਇਆ ਹੋਇਆ ਹੈ ।
ਮਾਸ਼ਾ ਅਲੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਖੰਜਰ, ਕਸਮ, ਨਕਾਬ, ਨਾਮ ਤੇਰਾ, ਯਾਦ, ਰਾਜ਼, ਵੰਗਾਂ, ਦੀਵਾਨਗੀ, ਗੱਲ ਸੁਣ ਲੈ ਵਰਗੇ ਕਈ ਵਧੀਆ ਗੀਤ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਨੇ । ਮਾਸ਼ਾ ਅਲੀ ਹੁਣ ਤਕ ਜਨਾਬ ਨੀਲੇ ਖ਼ਾਨ, ਸ਼ਾਹ ਅਲੀ, ਬੰਟੀ ਹਿੰਮਤਪੁਰੀ, ਮਨਪ੍ਰੀਤ ਟਿਵਾਣਾ ਤੇ ਬੱਬੂ ਹੰਢਿਆਇਆ ਵਰਗੇ ਗੀਤਕਾਰਾਂ ਦੇ ਗੀਤ ਗਾ ਚੱਕੇ ਨੇ ।
ਮਾਸ਼ਾ ਅਲੀ ਆਪਣੀ ਆਵਾਜ਼ ਦਾ ਜਾਦੂ ਪੰਜਾਬੀ ਚ ਹੀ ਨਹੀਂ ਸਗੋਂ ਕੈਨੇਡਾ, ਅਮਰੀਕਾ, ਆਸਟਰੇਲੀਆ ਤੇ ਇੰਗਲੈਂਡ ਵਰਗੇ ਕਈ ਦੇਸ਼ਾਂ ‘ਚ ਬਿਖੇਰ ਚੁੱਕੇ ਨੇ । ਅਖਾੜਿਆਂ ‘ਚ ਦਮਦਾਰ ਆਵਾਜ਼ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਮਾਸ਼ਾ ਅਲੀ ਦਾ ਇੱਕ ਸੁਫ਼ਨਾ ਹੈ, ਉਹ ਇੱਕ ਵਾਰ ਜ਼ਿੰਦਗੀ ‘ਚ ਦਿੱਗਜ ਗਾਇਕਾ ਲਤਾ ਮੰਗੇਸ਼ਕਰ ਦੇ ਪੈਰੀਂ ਹੱਥ ਲਗਾਉਣਾ ਚਾਹੁੰਦੇ ਨੇ ।
View this post on Instagram
ਲਾਕਡਾਊਨ ਦੇ ਚੱਲਦੇ ਉਹ ਆਪਣਾ ਜਨਮਦਿਨ ਘਰ 'ਚ ਹੀ ਮਨਾ ਰਹੇ ਨੇ । ਉਨ੍ਹਾਂ ਨੇ ਇੰਸਟਾਗ੍ਰਾਮ ਅਕਾਉਂਟ ਤੇ ਆਪਣੀ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਉਨ੍ਹਾਂ ਨੇ ਘਰ ਵਾਲਿਆਂ ਵੱਲੋਂ ਬਣਾਏ ਕੇਕ ਨੂੰ ਹੀ ਕੱਟ ਕਰਕੇ ਆਪਣੇ ਜਨਮਦਿਨ ਦੀ ਖੁਸ਼ੀ ਨੂੰ ਸੈਲੀਬ੍ਰੇਟ ਕੀਤਾ ਹੈ ।