ਗਲ਼ੇ ਦੀ ਖਰਾਸ਼ ਨੂੰ ਬਿਨ੍ਹਾਂ ਦਵਾਈ ਦੇ 1 ਦਿਨ 'ਚ ਠੀਕ ਕਰਦੇ ਨੇ ਇਹ 5 ਘਰੇਲੂ ਨੁਸਖੇ

By  PTC Buzz November 6th 2017 09:00 AM

ਗਰਮੀ ਜਾਣ ਦੇ ਨਾਲ ਹੀ ਸਰਦੀ ਦੀ ਸ਼ੁਰੂਆਤ ਹੋ ਚੁੱਕੀ ਹੈ | ਮੌਸਮ ਵਿਚ ਇਹ ਬਦਲਾਵ ਕਈ ਚੀਜ਼ਾਂ ਦਾ ਸੰਕੇਤ ਦਿੰਦਾ ਹੈ, ਜਿਸ ਨਾਲ ਮਨੁੱਖੀ ਸਰੀਰ 'ਚ ਕਈ ਤਰਾਂ ਦੇ ਬਦਲਾਵ ਵੇਖਣ ਨੂੰ ਮਿਲਦੇ ਨੇ | ਇਹੋ ਜਿਹੇ ਮੌਸਮ ਵਿਚ ਜ਼ੁਕਾਮ ਅਤੇ ਬੁਖਾਰ ਵਰਗੀਆਂ ਬਿਮਾਰੀਆਂ ਦਾ ਹੋਣਾ ਅਕਸਰ ਵੇਖਣ ਨੂੰ ਮਿਲਦਾ ਹੈ | ਇਨ੍ਹਾਂ ਵਿਚੋਂ ਖਾਂਸੀ (ਖੰਗ ਜਾਂ ਗਲ਼ੇ ਦੀ ਖਰਾਸ਼) ਦਾ ਹੋਣਾ ਬਹੁਤ ਆਮ ਹੈ ਜੋ ਹਰ ਕਿਸੇ ਨੂੰ ਹੁੰਦੀ ਹੈ | ਇਸਨੂੰ ਸਮੇਂ ਸਿਰ ਠੀਕ ਕਰਨਾ ਜਰੂਰੀ ਹੁੰਦਾ ਹੈ ਨਹੀਂ ਤਾਂ ਇਹ ਵਧਦੀ ਜਾਂਦੀ ਹੈ | ਗਲ਼ੇ ਦੀ ਖਰਾਸ਼ ਨੂੰ ਠੀਕ ਕਰਨ ਦੇ ਲਈ ਅਸੀਂ ਤੁਹਾਨੂੰ 5 ਆਸਾਨ ਘਰੇਲੂ ਨੁਸਖਿਆਂ ਦੇ ਬਾਰੇ ਦਸ ਰਹੇ ਹਾਂ, ਜਿਸਨਾਲ ਤੁਹਾਨੂੰ ਇਕ ਦਿਨ ਵਿਚ ਆਰਾਮ ਮਿਲ ਜਾਊਗਾ |

ਗ਼ਰਮ ਪਾਣੀ ਅਤੇ ਨਮਕ ਦੇ ਗਰਾਰੇ

ਜਦ ਵੀ ਗਲ਼ੇ 'ਚ ਖਰਾਸ਼ ਹੁੰਦੀ ਹੈ ਤਾਂ ਗਲ਼ੇ ਦੀ ਕੋਸ਼ੀਕਾਵਾਂ ਵਿਚ ਸੁਜਨ ਆ ਜਾਂਦੀ ਹੈ | ਨਮਕ ਇਸ ਸੁਜਨ ਨੂੰ ਘੱਟ ਕਰਦਾ ਹੈ ਜਿਸ ਨਾਲ ਦਰਦ 'ਚ ਰਾਹਤ ਮਿਲਦੀ ਹੈ | ਇਕ ਗਲਾਸ ਗੁਨਗੁਨੇ ਪਾਣੀ ਵਿਚ ਇਕ ਵੱਡਾ ਚੱਮਚ ਨਮਕ ਮਿਲਾਕੇ ਘੋਲ ਲੋ ਅਤੇ ਇਸ ਪਾਣੀ ਨਾਲ ਗਰਾਰੇ ਕਰੋ ਤੇ ਇਸ ਪ੍ਰੀਕਿਰਿਆ ਨੂੰ ਦਿਨ ਵਿਚ ਤਿੰਨ ਵਾਰ ਦੋਹਰਾਓ |

ਲਹਿਸੁਨ

ਲਹਿਸੁਨ ਇਨਫੈਕਸ਼ਨ ਪੈਦਾ ਕਰਨ ਵਾਲੇ ਕੀਟਾਣੂਆਂ ਨੂੰ ਮਾਰ ਦਿੰਦਾ ਹੈ | ਇਸ ਲਈ ਗਲ਼ੇ ਦੀ ਖਰਾਸ਼ ਲਈ ਲਹਿਸੁਨ ਬਹੁਤ ਫਾਇਦੇਮੰਦ ਹੈ | ਲਹਿਸੁਨ 'ਚ ਮੌਜੂਦ ਐਲੀਸਿਨ ਕੀਟਾਣੂਆਂ ਨੂੰ ਮਾਰਨ ਦੇ ਨਾਲ ਨਾਲ ਗਲ਼ੇ ਦੀ ਸੁਜਨ ਅਤੇ ਦਰਦ ਨੂੰ ਵੀ ਘੱਟ ਕਰਦਾ ਹੈ | ਉਪਚਾਰ ਕਰਨ ਲਈ ਗੱਲਾਂ ਨੇ ਦੋਨੋਂ ਪਾਸੇ ਲਹਿਸੁਨ ਦੀ ਇਕ ਇਕ ਕਲੀ ਰੱਖਕੇ ਚੂਸਦੇ ਰਹੋ | ਜਿਵੇਂ ਜਿਵੇਂ ਲਹਿਸੁਨ ਦਾ ਰਸ ਗਲ਼ੇ ਵਿਚ ਜਾਊਗਾ ਉਦਾਂ-ਉਦਾਂ ਹੀ ਆਰਾਮ ਮਿਲਦਾ ਰਹੂਗਾ | ਲਹਿਸੁਨ ਦਾ ਰਸ ਕੱਢਣ ਲਈ ਵਿਚ ਵਿਚ ਦੰਦਾਂ ਨਾਲ ਚੱਬਦੇ ਰਹੋ |

ਭਾਫ਼ ਲੈਣਾ

ਕਈ ਵਾਰ ਗਲ਼ੇ ਦੇ ਸੁੱਕਣ ਕਾਰਨ ਵੀ ਗਲ਼ੇ 'ਚ ਇਨਫੈਕਸ਼ਨ ਦੀ ਸ਼ਿਕਾਇਤ ਆ ਜਾਂਦੀ ਹੈ | ਉਸ ਸਮੇਂ ਕਿਸੀ ਵੱਡੇ ਭਾਂਡੇ ਜਾਂ ਬਰਤਨ 'ਚ ਗ਼ਰਮ ਪਾਣੀ ਕਰਕੇ ਤੋਲੀਏ ਨਾਲ ਮੂੰਹ ਢੱਕ ਕੇ ਭਾਫ਼ ਲੋ | ਇੰਝ ਕਰਨ ਨਾਲ ਗਲ਼ੇ ਦੀ ਸਫਾਈ ਹੋਵੇਗੀ ਅਤੇ ਇਨਫੈਕਸ਼ਨ ਵੀ ਖ਼ਤਮ ਹੋ ਜਾਵੇਗੀ |

ਅਦਰਕ

ਅਦਰਕ ਵੀ ਗਲ਼ੇ ਦੀ ਖਰਾਸ਼ ਲਈ ਇੱਕ ਬਹੁਤ ਹੀ ਵਧੀਆ ਦਵਾਈ ਹੈ | ਅਦਰਕ ਵਿੱਚ ਮੌਜੂਦ ਐਂਟੀਬੇਕਟੀਰੀਅਲ ਗੁਣ ਇਨਫੈਕਸ਼ਨ ਅਤੇ ਦਰਦ ਤੋਂ ਰਾਹਤ ਦਿੰਦੇ ਹਨ | ਗਲ਼ੇ ਦੀ ਖਰਾਸ਼ ਦੇ ਉਪਚਾਰ ਦੇ ਲਈ ਇਕ ਕੱਪ ਪਾਣੀ ਦੇ ਵਿਚ ਅਦਰਕ ਸੁੱਟ ਕੇ ਉਬਾਲੋ | ਉਸਤੋਂ ਬਾਅਦ ਇਸਨੂੰ ਹਲਕਾ ਗੁਣਗੁਣਾ ਕਰਕੇ ਇਸ ਵਿਚ ਸ਼ਹਿਦ ਮਿਲਾਓ ਅਤੇ ਇਸਨੂੰ ਦਿਨ ਵਿਚ ਦੋ ਜਾਂ ਤਿੰਨ ਵਾਰ ਪਿਓ | ਗਲ਼ੇ ਦੀ ਖਰਾਸ਼ ਤੋਂ ਆਰਾਮ ਮਿਲੂਗਾ |

ਮਸਾਲਾ ਚਾਹ

ਲੌਂਗ, ਤੁਲਸੀ, ਅਦਰਕ ਅਤੇ ਕਾਲ਼ੀ ਮਿਰਚ ਨੂੰ ਪਾਣੀ ਵਿਚ ਪਾ ਕੇ ਉਬਾਲੋ, ਇਸਤੋਂ ਬਾਦ ਇਸ ਵਿਚ ਚਾਹ ਪੱਤੀ ਪਾ ਕੇ ਚਾਹ ਬਣਾਓ | ਇਸ ਚਾਹ ਨੂੰ ਗਰਮ ਗਰਮ ਹੀ ਪਿਓ | ਇਹ ਗਲ਼ੇ ਲਈ ਬਹੁਤ ਲਾਭਦਾਇਕ ਹੈ ਜਿਸ ਨਾਲ ਗਲ਼ੇ ਨੂੰ ਬਹੁਤ ਜਲਦ ਆਰਾਮ ਮਿਲੂਗਾ |

Related Post