Jaspal Bhatti Death Anniversary: ਜਾਣੋ ਕਿੰਝ 'ਫਲਾਪ ਸ਼ੋਅ' ਨੇ ਬਦਲੀ ਮਸ਼ਹੂਰ ਕਾਮੇਡੀਅਨ ਜਸਪਾਲ ਭੱਟੀ ਦੀ ਕਿਸਮਤ

ਪੰਜਾਬ ਦੇ ਮਸ਼ਹੂਰ ਕਾਮੇਡੀਅਨ ਮਰਹੂਮ ਜਸਪਾਲ ਭੱਟੀ ਦੀ ਅੱਜ ਬਰਸੀ ਹੈ। ਜਸਪਾਲ ਭੱਟੀ ਜਿਸ ਦੇ ਵਿਅੰਗਾਂ ਨੇ ਦੇਖਣ ਤੇ ਸੁਣਨ ਵਾਲੇ ਦਰਸ਼ਕਾਂ ਨੂੰ ਖ਼ੂਬ ਹਸਾਇਆ ਤੇ ਸੋਚਣ ਵੀ ਲਾਇਆ। ਪੰਜਾਬੀ ਹਾਸਰਸ ਕਲਾਕਾਰਾਂ 'ਚ ਜਸਪਾਲ ਭੱਟੀ ਮੂਹਰਲੀ ਕਤਾਰ ਵਿੱਚ ਗਿਣਿਆ ਜਾਂਦਾ ਹੈ। ਅੱਜ ਉਨ੍ਹਾਂ ਦੀ ਬਰਸੀ ਮੌਕੇ ਆਓ ਜਾਣਦੇ ਹਾਂ ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਖ਼ਾਸ ਗੱਲਾਂ ਬਾਰੇ।

By  Pushp Raj October 25th 2023 03:45 PM

Jaspal Bhatti Death Anniversary: ਪੰਜਾਬ ਦੇ ਮਸ਼ਹੂਰ ਕਾਮੇਡੀਅਨ ਮਰਹੂਮ ਜਸਪਾਲ ਭੱਟੀ ਦੀ ਅੱਜ ਬਰਸੀ ਹੈ। ਜਸਪਾਲ ਭੱਟੀ ਜਿਸ ਦੇ ਵਿਅੰਗਾਂ ਨੇ ਦੇਖਣ ਤੇ ਸੁਣਨ ਵਾਲੇ ਦਰਸ਼ਕਾਂ ਨੂੰ ਖ਼ੂਬ ਹਸਾਇਆ ਤੇ ਸੋਚਣ ਵੀ ਲਾਇਆ। ਪੰਜਾਬੀ ਹਾਸਰਸ ਕਲਾਕਾਰਾਂ 'ਚ ਜਸਪਾਲ ਭੱਟੀ ਮੂਹਰਲੀ ਕਤਾਰ ਵਿੱਚ ਗਿਣਿਆ ਜਾਂਦਾ ਹੈ। ਅੱਜ ਉਨ੍ਹਾਂ ਦੀ ਬਰਸੀ ਮੌਕੇ ਆਓ ਜਾਣਦੇ ਹਾਂ ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਖ਼ਾਸ ਗੱਲਾਂ ਬਾਰੇ। ਜਸਪਾਲ ਭੱਟੀ ਦੀ ਪਤਨੀ ਸਵਿਤਾ ਭੱਟੀ ਨੇ ਇਸ ਖੇਤਰ 'ਚ ਆਪਣੇ ਪਤੀ ਦਾ ਪੂਰਾ ਸਾਥ ਦਿੱਤਾ। ਅਦਾਕਾਰੀ ਤੋਂ ਲੈ ਕੇ ਪ੍ਰਬੰਧ ਤੱਕ, ਸਵਿਤਾ ਭੱਟੀ ਨੇ ਹਰ ਜ਼ਿੰਮੇਵਾਰੀ ਨੂੰ ਬਾਖ਼ੂਬੀ ਨਿਭਾਇਆ।

 

ਜਸਪਾਲ ਭੱਟੀ ਦੀ ਕਾਮਯਾਬੀ ਦਾ ਸਫ਼ਰ

3 ਮਾਰਚ 1955 ਨੂੰ ਅੰਮ੍ਰਿਤਸਰ ਵਿਖੇ ਜੰਮੇ ਜਸਪਾਲ ਭੱਟੀ ਨੇ ਦੂਰਦਰਸ਼ਨ 'ਤੇ 'ਫ਼ਲਾਪ ਸ਼ੋਅ' ਅਤੇ 'ਉਲਟਾ ਪੁਲਟਾ' ਵਰਗੇ ਪ੍ਰੋਗਰਾਮਾਂ ਦੀ ਸ਼ੁਰੂਆਤ ਉਸ ਵੇਲੇ ਕੀਤੀ, ਜਿਸ ਵੇਲੇ ਮੀਡੀਆ ਤੇ ਟੀਵੀ ਜਗਤ ਕੁੱਲ ਮਿਲਾ ਕੇ ਦੂਰਦਰਸ਼ਨ ਵਿੱਚ ਹੀ ਸਮਾਇਆ ਹੁੰਦਾ ਸੀ। 90ਵਿਆਂ ਦੇ ਦਿਨਾਂ 'ਚ ਚੱਲਿਆ 'ਫ਼ਲਾਪ ਸ਼ੋਅ' ਲੋਕਾਂ ਨੂੰ ਅੱਜ ਵੀ ਯਾਦ ਹੈ। 

ਜਸਪਾਲ ਭੱਟੀ ਦਾ ਫਲਾਪ ਸ਼ੋਅ 

ਜਸਪਾਲ ਭੱਟੀ ਨੇ ਆਪਣੇ ਹੋਮ ਪ੍ਰੋਡਕਸ਼ਨ ਹੇਠ 'ਫਲਾਪ ਸ਼ੋਅ' ਨਾਮ ਦਾ ਕਾਮੇਡੀ ਸ਼ੋਅ ਸ਼ੁਰੂ ਕੀਤਾ। ਇਹ ਸ਼ੋਅ 90 ਦੇ ਦਸ਼ਕ 'ਚ ਬੇਹੱਦ ਮਸ਼ਹੂਰ ਸ਼ੋਅ ਰਿਹਾ। ਇਸ ਸ਼ੋਅ ਨੇ ਜਸਪਾਲ ਭੱਟੀ ਤੇ ਸਵਿਤਾ ਭੱਟੀ ਦੀ ਕਿਸਮਤ ਬਦਲ ਦਿੱਤੀ ਤੇ ਉਨ੍ਹਾਂ ਦੀ ਗਿਣਤੀ ਦੇਸ਼ ਦੇ ਮਸ਼ਹੂਰ ਹਾਸ ਕਲਾਕਾਰਾਂ ਵਿੱਚ ਹੋਣ ਲੱਗੀ। ਇਸ ਸ਼ੋਅ ਰਾਹੀਂ ਬੇਕਾਬੂ ਮਹਿੰਗਾਈ, ਰਿਸ਼ਵਤਖੋਰੀ ਤੇ ਨੈਤਿਕਤਾ ਤੋਂ ਡਿੱਗਦੀ ਸਿਆਸਤ 'ਚ ਫ਼ਸੇ ਆਮ ਆਦਮੀ ਦੀਆਂ ਮੁਸ਼ਕਿਲਾਂ ਨੂੰ ਜਸਪਾਲ ਭੱਟੀ ਨੇ ਰਾਸ਼ਟਰੀ ਪੱਧਰ 'ਤੇ ਬੜੀ ਸਹਿਜਤਾ ਨਾਲ ਪੇਸ਼ ਕੀਤਾ ਅਤੇ ਕਲਾਤਮਕ ਵਿਲੱਖਣਤਾ ਸਦਕਾ ਉਸ ਦਾ ਬਾਲੀਵੁੱਡ ਦਾ ਸਫ਼ਰ ਵੀ ਬੜਾ ਜ਼ਿਕਰਯੋਗ ਰਿਹਾ। ਲਗਭਗ 28 ਤੋਂ ਵੱਧ ਬਾਲੀਵੁੱਡ ਫ਼ਿਲਮਾਂ ਵਿੱਚ ਉਨ੍ਹਾਂ ਆਪਣੀ ਯਾਦਗਾਰੀ ਅਦਾਕਾਰੀ ਦੀ ਛਾਪ ਛੱਡੀ ਅਤੇ 'ਮਾਹੌਲ ਠੀਕ ਹੈ' ਅਤੇ 'ਪਾਵਰ ਕੱਟ' ਵਰਗੀਆਂ ਫ਼ਿਲਮਾਂ ਦੇ ਨਿਰਮਾਣ ਅਤੇ ਨਿਰਦੇਸ਼ਨ ਰਾਹੀਂ ਸਮਾਜਿਕ ਮੁੱਦਿਆਂ 'ਤੇ ਚੰਗੀ ਕਾਮੇਡੀ ਕਰਦੇ ਹੋਏ ਸਮਾਜਿਕ ਮੁੱਦਿਆਂ ਦੀ ਗੱਲ ਕੀਤੀ। 

ਜਸਪਾਲ ਭੱਟੀ ਨਾਲ ਸ਼ੁਰੂਆਤ ਕਰਨ ਵਾਲੇ ਅਨੇਕਾਂ ਹੋਰ ਕਲਾਕਾਰ ਵੀ ਕਲਾ ਤੇ ਅਦਾਕਾਰੀ ਦੇ ਖੇਤਰ ਵਿੱਚ ਵੱਡੇ ਨਾਂਅ ਕਮਾਉਣ ਵਿੱਚ ਕਾਮਯਾਬ ਰਹੇ, ਜਿਨ੍ਹਾਂ ਵਿੱਚ ਮਰਹੂਮ ਵਿਵੇਕ ਸ਼ੌਕ (ਬਾਲੀਵੁੱਡ ਫ਼ਿਲਮ ਗ਼ਦਰ ਫ਼ੇਮ ਦਰਮਿਆਨ ਸਿੰਘ) ਅਤੇ ਸੁਨੀਲ ਗਰੋਵਰ (ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ ਦੀ ਗੁੱਥੀ) ਦੇ ਨਾਂਅ ਸ਼ਾਮਲ ਹਨ।


ਦੁਨੀਆ ਭਰ 'ਚ ਵਸਦੇ ਪੰਜਾਬੀਆਂ ਦਾ ਪਿਆਰੇ ਕਮੇਡੀਅਨ ਸੀ ਜਸਪਾਲ ਭੱਟੀ

ਦੇਸ਼-ਵਿਦੇਸ਼ ਵਸਦੇ ਪੰਜਾਬੀਆਂ ਦਾ ਪਿਆਰ ਸਤਿਕਾਰ ਹਾਸਲ ਕਰਨ ਵਾਲਾ ਜਸਪਾਲ ਭੱਟੀ, 25 ਅਕਤੂਬਰ 2012 ਨੂੰ ਇੱਕ ਸੜਕ ਹਾਦਸੇ 'ਚ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ। ਕਲਾ ਤੇ ਸਿਨੇ ਜਗਤ 'ਚ ਆਪਣੀ ਅਮਿੱਟ ਛਾਪ ਛੱਡਣ ਵਾਲੇ ਜਸਪਾਲ ਭੱਟੀ ਨੂੰ ਭਾਰਤ ਸਰਕਾਰ ਨੇ ਦਿਹਾਂਤ ਉਪਰੰਤ 2013 'ਚ ਪਦਮ ਭੂਸ਼ਨ ਨਾਲ ਸਨਮਾਨਿਤ ਕੀਤਾ। 

ਸਰੀਰਕ ਤੌਰ 'ਤੇ ਭਾਵੇਂ ਜਸਪਾਲ ਭੱਟੀ ਸਾਡੇ ਵਿਚਕਾਰ ਨਹੀਂ, ਪਰ ਇੱਕ ਚੰਗੀ ਸੋਚ ਬਣ ਕੇ ਉਹ ਸਾਡੇ ਸਭ ਵਿੱਚ ਹੈ ਅਤੇ ਆਪਣੇ ਸਮਾਜਿਕ ਤਾਣੇ-ਬਾਣੇ ਵਿੱਚੋਂ ਭ੍ਰਿਸ਼ਟਾਚਾਰ, ਬਦਅਮਨੀ ਅਤੇ ਬੁਰਾਈਆਂ ਦੇ ਖ਼ਾਤਮੇ ਲਈ ਜੁਟਣਾ ਅਜਿਹੇ ਲੋਕ ਕਲਾਕਾਰਾਂ ਦਾ ਸੱਚਾ ਸਨਮਾਨ ਹੈ।


Related Post