ਮਸ਼ਹੂਰ ਐਥਲੀਟ ਪੀਟੀ ਉਸ਼ਾ ਨੂੰ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਕੀਤਾ ਗਿਆ ਸਨਮਾਨਿਤ
PT Usha honored with Lifetime Achievement award: ਭਾਰਤ ਦੀ ਮਸ਼ਹੂਰ ਐਥਲੀਟ ਅਤੇ ਭਾਰਤੀ ਓਲੰਪਿਕ ਸੰਘ (IOA) ਦੀ ਪ੍ਰਧਾਨ ਪੀਟੀ ਊਸ਼ਾ (PT Usha) ਨੂੰ ਐਤਵਾਰ ਨੂੰ ਨਵੀਂ ਦਿੱਲੀ ਦੇ ਨੈਸ਼ਨਲ ਸਪੋਰਟਸ ਕਲੱਬ ਆਫ ਇੰਡੀਆ ਵਿਖੇ ਸਪੋਰਟਸ ਜਰਨਲਿਸਟ ਫੈਡਰੇਸ਼ਨ ਆਫ ਇੰਡੀਆ (SJFI) ਅਤੇ ਦਿੱਲੀ ਸਪੋਰਟਸ ਜਰਨਲਿਸਟ ਐਸੋਸੀਏਸ਼ਨ (DSJA) ਵੱਲੋਂ 'ਲਾਈਫਟਾਈਮ ਅਚੀਵਮੈਂਟ' ਪੁਰਸਕਾਰ (Lifetime Achievement Award) ਨਾਲ ਸਨਮਾਨਿਤ ਕੀਤਾ ਗਿਆ।
ਭਾਰਤੀ ਓਲੰਪੀਅਨ ਊਸ਼ਾ ਨੂੰ ਇਹ ਸਨਮਾਨ ਉਨ੍ਹਾਂ ਦੇ ਖੇਡ ਕਰੀਅਰ 'ਚ ਸ਼ਾਨਦਾਰ ਪ੍ਰਾਪਤੀਆਂ ਲਈ ਦਿੱਤਾ ਗਿਆ। ਸਨਮਾਨ 'ਚ ਇੱਕ ਤਮਗਾ, ਇੱਕ ਪ੍ਰਸ਼ੰਸਾ ਪੱਤਰ ਅਤੇ ਇੱਕ ਯਾਦਗਾਰੀ ਚਿੰਨ੍ਹ ਭੇਂਟ ਕੀਤਾ ਗਿਆ। ਉਨ੍ਹਾਂ ਦੇ ਸਨਮਾਨ 'ਚ ਕਰਵਾਏ ਇਸ ਸਮਾਰੋਹ 'ਚ ਰਾਜ ਸਭਾ ਮੈਂਬਰ ਤੇ ਬੀਸੀਸੀਆਈ ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਅਤੇ ਸਾਬਕਾ ਭਾਰਤੀ ਨਿਸ਼ਾਨੇਬਾਜ਼ ਜਸਪਾਲ ਰਾਣਾ ਨੇ ਸ਼ਿਰਕਤ ਕੀਤੀ।
ਪੀਟੀ ਊਸ਼ਾ, ਟੈਨਿਸ ਦੇ ਮਹਾਨ ਖਿਡਾਰੀ ਵਿਜੇ ਅੰਮ੍ਰਿਤਰਾਜ, ਸਾਬਕਾ ਬੈਡਮਿੰਟਨ ਆਈਕਨ ਪ੍ਰਕਾਸ਼ ਪਾਦੂਕੋਣ, ਭਾਰਤ ਦੇ ਮਹਾਨ ਕ੍ਰਿਕਟਰ ਸੁਨੀਲ ਗਾਵਸਕਰ ਅਤੇ ਸਾਬਕਾ ਦੌੜਾਕ ਮਿਲਖਾ ਸਿੰਘ ਤੋਂ ਬਾਅਦ SJFI ਅਤੇ DSJA ਵੱਲੋਂ 'ਲਾਈਫਟਾਈਮ ਅਚੀਵਮੈਂਟ' ਪੁਰਸਕਾਰ ਲਈ ਚੁਣੀ ਗਈ ਪੰਜਵੀਂ ਸ਼ਖਸੀਅਤ ਹੈ।
ਇਸ ਮਹਾਨ ਖਿਡਾਰਨ ਨੇ ਸਾਲ 1977 ਤੋਂ 2000 ਦਰਮਿਆਨ ਆਪਣੇ ਯਾਦਗਾਰੀ ਕਰੀਅਰ ਦੌਰਾਨ ਭਾਰਤ ਲਈ 103 ਅੰਤਰਰਾਸ਼ਟਰੀ ਤਗਮੇ ਜਿੱਤੇ। ਉਸ ਨੇ ਏਸ਼ੀਅਨ ਖੇਡਾਂ ਵਿੱਚ ਚਾਰ ਗੋਲਡ ਮੈਡਲ ਅਤੇ ਸੱਤ ਸਿਲਵਰ ਮੈਡਲ ਵੀ ਜਿੱਤੇ ਅਤੇ 3 ਵਾਰ ਓਲੰਪਿਕ 'ਚ ਹਿੱਸਾ ਲਿਆ।
ਹੋਰ ਪੜ੍ਹੋ: ਨਿਰਮਲ ਰਿਸ਼ੀ ਨੇ ਗਿੱਪੀ ਗਰੇਵਾਲ ਨੂੰ ਫਿਲਮ Warning 2 ਦੀ ਸਫਲਤਾ ਲਈ ਦਿੱਤੀ ਵਧਾਈ, ਵੇਖੋ ਵੀਡੀਓ
ਇਸ ਮੌਕੇ ਊਸ਼ਾ ਨੇ ਕਿਹਾ, "ਮੈਂ ਸ਼ੁਕਰਗੁਜ਼ਾਰ ਹਾਂ ਕਿ ਮੇਰੇ ਕਰੀਅਰ ਦੀਆਂ ਪ੍ਰਾਪਤੀਆਂ ਨੂੰ ਅੱਜ ਤੱਕ ਯਾਦ ਕੀਤਾ ਜਾ ਰਿਹਾ ਹੈ। ਮੇਰੇ ਸਮੇਂ ਦੌਰਾਨ ਸਾਡੇ ਕੋਲ ਉਹ ਸਾਰੀਆਂ ਸਹੂਲਤਾਂ ਨਹੀਂ ਸਨ, ਜੋ ਅੱਜ ਦੇ ਯੁੱਗ ਵਿੱਚ ਐਥਲੀਟਾਂ ਕੋਲ ਉਪਲਬਧ ਹਨ। ਹੁਣ ਜਦੋਂ ਮੈਂ ਆਈਓਏ (indian-olympic-association) ਵਿੱਚ ਕੰਮ ਕਰ ਰਹੀ ਹਾਂ ਤਾਂ ਸਾਡੀ ਕੋਸ਼ਿਸ਼ ਪੈਰਿਸ ਓਲੰਪਿਕ 'ਤੇ ਧਿਆਨ ਕੇਂਦਰਿਤ ਕਰਨ ਦੀ ਹੈ। ਇਸ ਤੋਂ ਬਾਅਦ ਅਸੀਂ 2036 ਤੱਕ ਭਾਰਤ ਨੂੰ ਇੱਕ ਖੇਡ ਸ਼ਕਤੀ ਬਣਾਉਣ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਪਨੇ ਨੂੰ ਪੂਰਾ ਕਰਨ ਵੱਲ ਧਿਆਨ ਦੇਵਾਂਗੇ।"