ਬੱਪੀ ਲਹਿਰੀ ਦੇ ਬੇਟੇ ਬੱਪਾ ਬਣੇ ਦੂਜੀ ਵਾਰ ਪਿਤਾ, ਪੁੱਤਰ ਦੇ ਜਨਮ 'ਤੇ ਪਰਿਵਾਰ ਨੇ ਕਿਹਾ - 'ਬੱਪੀ ਦਾ ਇਜ਼ ਬੈਕ'
ਮਰਹੂਮ ਗਾਇਕ ਬੱਪੀ ਲਹਿਰੀ ਦੇ ਘਰ ਖੁਸ਼ੀਆਂ ਨੇ ਮੁੜ ਦਸਤਕ ਦਿੱਤੀ ਹੈ। ਹਾਲ ਹੀ 'ਚ ਬੱਪੀ ਲਹਿਰੀ ਦੇ ਬੇਟੇ ਬੱਪਾ ਲਹਿਰੀ ਦੂਜੀ ਵਾਰ ਪਿਤਾ ਬਣੇ ਹਨ। ਉਨ੍ਹਾਂ ਦੇ ਘਰ ਬੇਟੇ ਨੇ ਜਨਮ ਲਿਆ ਹੈ ਇਸ 'ਤੇ ਪਰਿਵਾਰਕ ਮੈਂਬਰ ਬੇਹੱਦ ਖੁਸ਼ ਹਨ ਤੇ ਉਨ੍ਹਾਂ ਦਾ ਕਹਿਣਾ ਹੈ, ਕਿ 'ਬੱਪੀ ਦਾ ਵਾਪਸ ਆ ਗਏ ਹਨ।
Bappa Lahiri and Tanisha blessed with Baby Boy: ਬਾਲੀਵੁੱਡ ਦੇ ਦਿੱਗਜ਼ ਤੇ ਮਸ਼ਹੂਰ ਗਾਇਕ ਮਰਹੂਮ ਬੱਪੀ ਲਹਿਰੀ ਦੇ ਬੇਟੇ ਬੱਪਾ ਲਹਿਰੀ ਅਤੇ ਉਨ੍ਹਾਂ ਦੀ ਪਤਨੀ ਤਨੀਸ਼ਾ ਵਰਮਾ ਇਸ ਸਮੇਂ ਬਹੁਤ ਖੁਸ਼ ਹਨ। ਕਿਉਂਕਿ ਜੋੜੇ ਨੂੰ ਹਾਲ ਹੀ ਵਿੱਚ ਆਪਣੇ ਦੂਜੇ ਬੱਚੇ ਦਾ ਸਵਾਗਤ ਕੀਤਾ ਹੈ। ਇਸ ਜੋੜੇ ਦੇ ਘਰ ਪੁੱਤਰ ਨੇ ਜਨਮ ਲਿਆ ਹੈ। ਉਨ੍ਹਾਂ ਦੇ ਵੱਡੇ ਬੇਟੇ ਦਾ ਨਾਂ ਕ੍ਰਿਸ਼ ਹੈ ਅਤੇ ਹੁਣ ਉਨ੍ਹਾਂ ਦੇ ਦੂਜੇ ਬੱਚੇ ਦੇ ਜਨਮ ਨਾਲ ਉਨ੍ਹਾਂ ਦਾ ਪਰਿਵਾਰ ਪੂਰਾ ਹੋ ਗਿਆ ਹੈ।
ਦੂਜੀ ਵਾਰ ਪਿਤਾ ਬਣੇ ਬੱਪਾ ਲਹਿਰੀ
ਖਬਰਾਂ ਮੁਤਾਬਕ ਬੱਪਾ ਅਤੇ ਤਨੀਸ਼ਾ ਦੇ ਦੂਜੇ ਬੇਟੇ ਦਾ ਜਨਮ ਲਾਸ ਏਂਜਲਸ 'ਚ ਹੋਇਆ ਹੈ। ਜਾਣਕਾਰੀ ਮੁਤਾਬਕ ਜੋੜੇ ਨੇ ਆਪਣੇ ਬੇਟੇ ਦਾ ਨਾਂ ਸ਼ਿਵਾਏ ਰੱਖਿਆ ਹੈ। ਮੀਡੀਆ ਰਿਪੋਰਟ 'ਚ ਇੱਕ ਸੂਤਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਜੋੜੇ ਨੇ ਆਪਣੇ ਬੱਚੇ ਲਈ ਪਹਿਲਾਂ ਹੀ ਕਾਫੀ ਖਰੀਦਦਾਰੀ ਕਰ ਲਈ ਹੈ। ਮਾਂ ਅਤੇ ਬੱਚੇ ਦੀ ਸਿਹਤ ਬਾਰੇ ਜਾਣਕਾਰੀ ਦਿੰਦੇ ਹੋਏ ਸੂਤਰ ਨੇ ਕਿਹਾ, "ਬੱਚਾ ਅਤੇ ਮਾਂ ਦੋਵੇਂ ਠੀਕ ਹਨ। ਪਰਿਵਾਰ ਦਾ ਮੰਨਣਾ ਹੈ ਕਿ ਬੱਪੀ ਲਹਿਰੀ ਵਾਪਸ ਆ ਗਏ ਹਨ।"
ਬੱਪਾ ਅਤੇ ਤਨੀਸ਼ਾ ਨੇ ਬੀਤੇ ਸਾਲ ਕੀਤਾ ਸੀ ਪ੍ਰੈਗਨੈਂਸੀ ਦਾ ਐਲਾਨ
ਬੱਪੀ ਦਾ ਦੀ ਮੌਤ ਤੋਂ ਲਗਭਗ 10 ਮਹੀਨੇ ਬਾਅਦ ਬੱਪਾ ਅਤੇ ਤਨੀਸ਼ਾ ਨੇ 25 ਦਸੰਬਰ 2022 ਨੂੰ ਆਪਣੀ ਦੂਜੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ। ਇਸ ਖੁਸ਼ਖਬਰੀ ਨੂੰ ਸਾਂਝਾ ਕਰਨ ਲਈ, ਜੋੜੇ ਨੇ ਆਪਣੇ ਪਰਿਵਾਰ ਦੇ ਕ੍ਰਿਸਮਸ ਸੈਲੀਬ੍ਰੇਸ਼ਨ ਦੀ ਇੱਕ ਤਸਵੀਰ ਸ਼ੇਅਰ ਕੀਤੀ ਸੀ। ਫੋਟੋ ਵਿੱਚ, ਬੱਪਾ ਪਤਨੀ ਤਨੀਸ਼ਾ ਅਤੇ ਉਨ੍ਹਾਂ ਦੇ ਬੇਟੇ ਦੇ ਨਾਲ ਦੇਖੇ ਜਾ ਸਕਦੇ ਹਨ, ਜਿਸ ਵਿੱਚ ਉਨ੍ਹਾਂ ਦਾ ਬੇਟਾ ਕ੍ਰਿਸ਼ ਅਲਟਰਾਸਾਊਂਡ ਦੀ ਤਸਵੀਰ ਦਿਖਾ ਰਿਹਾ ਸੀ। ਪੋਸਟ ਦੇ ਨਾਲ, ਜੋੜੇ ਨੇ ਲਿਖਿਆ, "ਸਾਡੇ ਸਾਰੇ ਚਾਰਾਂ ਵੱਲੋਂ ਕ੍ਰਿਸਮਸ ਦੀਆਂ ਮੁਬਾਰਕਾਂ।"
ਫੈਨਜ਼ ਦੇ ਰਹੇ ਵਧਾਈ
ਜਾਣਕਾਰੀ ਲਈ ਦੱਸ ਦੇਈਏ ਕਿ ਮਸ਼ਹੂਰ ਗਾਇਕ ਬੱਪੀ ਲਹਿਰੀ ਦੀ ਲੰਬੀ ਬਿਮਾਰੀ ਕਾਰਨ 15 ਫਰਵਰੀ 2022 ਨੂੰ ਮੁੰਬਈ ਦੇ ਇੱਕ ਹਸਪਤਾਲ ਵਿੱਚ ਦਿਹਾਂਤ ਹੋ ਗਿਆ ਸੀ, ਪਰ ਹੁਣ ਪਰਿਵਾਰ ਬੇਟੇ ਦੇ ਜਨਮ ਮਗਰੋਂ ਬੇਹੱਦ ਖੁਸ਼ ਹੈ ਤੇ ਉਨ੍ਹਾਂ ਦਾ ਮੰਨਣਾ ਹੈ ਕਿ ਪੁੱਤਰ ਦੇ ਰੂਪ 'ਚ ਮੁੜ ਬੱਪੀ ਲਹਿਰੀ ਉਨ੍ਹਾਂ ਕੋਲ ਵਾਪਿਸ ਆ ਗਏ ਹਨ। ਫੈਨਜ਼ ਇਸ ਜੋੜੇ ਨੂੰ ਲਗਾਤਾਰ ਵਧਾਈਆਂ ਦੇ ਰਹੇ ਹਨ।