Birthday Special: ਬਾਲੀਵੁੱਡ ਦੇ ਦਿੱਗਜ ਅਦਾਕਾਰ ਦਿਲੀਪ ਕੁਮਾਰ ਦਾ ਜਨਮਦਿਨ ਅੱਜ, ਪੰਜ ਦਸ਼ਕਾਂ ਤੱਕ ਫੈਨਜ਼ 'ਤੇ ਛਾਇਆ ਰਿਹਾ ਦਿਲੀਪ ਸਾਹਬ ਦਾ ਜਾਦੂ

ਬਾਲੀਵੁੱਡ ਦੇ ਦਿੱਗਜ ਅਦਾਕਾਰ ਦਿਲੀਪ ਕੁਮਾਰ ਦਾ 101ਵਾਂ ਜਨਮਦਿਨ ਹੈ। ਲੰਮੀ ਬਿਮਾਰੀ ਦੇ ਚਲਦਿਆਂ ਸਾਲ 2021 'ਚ ਜੁਲਾਈ ਮਹੀਨੇ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਪੰਜ ਦਸ਼ਕਾਂ ਤੱਕ ਫੈਨਜ਼ ਉੱਤੇ ਆਪਣਾ ਜਾਦੂ ਬਰਕਰਾਰ ਰੱਖਣ ਵਾਲੇ ਅਦਾਕਾਰ ਦਿਲੀਪ ਕੁਮਾਰ ਦਾ ਜਨਮ ਸਾਲ 1922 'ਚ ਪਾਕਿਸਤਾਨ ਦੇ ਪੇਸ਼ਾਵਰ ਵਿਖੇ ਹੋਇਆ ਸੀ। ਦਿਲੀਪ ਦਾ ਅਸਲ ਨਾਂਅ ਮੁਹੰਮਦ ਯੁਸੂਫ਼ ਖ਼ਾਨ ਸੀ, ਪਰ ਫ਼ਿਲਮਾਂ ਵਿੱਚ ਕਦਮ ਰੱਖਣ ਮਗਰੋਂ ਉਨ੍ਹਾਂ ਨੂੰ ਦਿਲੀਪ ਕੁਮਾਰ ਵਜੋਂ ਪਛਾਣ ਮਿਲੀ।

By  Pushp Raj December 11th 2023 06:19 PM

Dilip Kumar Birth anniversary: ਬਾਲੀਵੁੱਡ ਦੇ ਦਿੱਗਜ ਅਦਾਕਾਰ ਦਿਲੀਪ ਕੁਮਾਰ ਦਾ 101ਵਾਂ ਜਨਮਦਿਨ ਹੈ। ਲੰਮੀ ਬਿਮਾਰੀ ਦੇ ਚਲਦਿਆਂ  ਸਾਲ 2021 'ਚ  ਜੁਲਾਈ ਮਹੀਨੇ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਪੰਜ ਦਸ਼ਕਾਂ ਤੱਕ ਫੈਨਜ਼ ਉੱਤੇ ਆਪਣਾ ਜਾਦੂ ਬਰਕਰਾਰ ਰੱਖਣ ਵਾਲੇ ਅਦਾਕਾਰ ਦਿਲੀਪ ਕੁਮਾਰ ਦਾ ਜਨਮ ਸਾਲ 1922 'ਚ ਪਾਕਿਸਤਾਨ ਦੇ ਪੇਸ਼ਾਵਰ ਵਿਖੇ ਹੋਇਆ ਸੀ। ਦਿਲੀਪ ਦਾ ਅਸਲ ਨਾਂਅ ਮੁਹੰਮਦ ਯੁਸੂਫ਼ ਖ਼ਾਨ ਸੀ, ਪਰ ਫ਼ਿਲਮਾਂ ਵਿੱਚ ਕਦਮ ਰੱਖਣ ਮਗਰੋਂ ਉਨ੍ਹਾਂ ਨੂੰ ਦਿਲੀਪ ਕੁਮਾਰ ਵਜੋਂ ਪਛਾਣ ਮਿਲੀ।


ਦਿਲਚਸਪ ਗੱਲ ਇਹ ਹੈ ਕਿ ਫ਼ਿਲਮੀ ਕਰੀਅਰ ਸ਼ੁਰੂ ਕਰਨ ਤੋਂ ਪਹਿਲਾਂ ਦਿਲੀਪ ਕੁਮਾਰ ਭਾਰਤ 'ਤੇ ਕਾਬਿਜ਼ ਬ੍ਰਿਟਿਸ਼ ਆਰਮੀ ਦੀ ਕੈਂਟੀਨ ਦੇ ਵਿੱਚ ਕੰਮ ਕਰਦੇ ਸੀ। ਇਸ ਦੌਰਾਨ ਉਨ੍ਹਾਂ ਨੇ ਇੱਕ ਵਾਰ ਬ੍ਰਿਟਿਸ਼ ਅਫ਼ਸਰਾਂ ਦੇ ਖਿਲਾਫ ਭਾਸ਼ਣ ਦਿੱਤਾ। ਇਸ ਭਾਸ਼ਣ ਵਿੱਚ ਉਨ੍ਹਾਂ ਨੇ ਬ੍ਰਿਟਿਸ਼ ਅਫ਼ਸਰਾਂ ਵੱਲੋਂ ਭਾਰਤੀਆਂ ਨਾਲ ਗ਼ਲਤ ਵਿਵਹਾਰ ਕਰਨ ਦਾ ਮੁੱਦਾ ਚੁੱਕਿਆ। ਜਿਸ ਕਾਰਨ ਉਨ੍ਹਾਂ ਨੂੰ ਕੁਝ ਸਮਾਂ ਜੇਲ ਵਿੱਚ ਬਤੀਤ ਕਰਨਾ ਪਿਆ।

ਦਿਲੀਪ ਕੁਮਾਰ ਨੇ ਸਾਲ 1947 'ਚ ਆਈ ਫ਼ਿਲਮ ਜੁਗਨੂ ਤੋਂ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ। ਦਿਲੀਪ ਕੁਮਾਰ ਨੇ 60 ਅਤੇ 70 ਦੇ ਦਹਾਕੇ ਵਿੱਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ ਸੀ। ਉਹ ਦੇਵਦਾਸ, ਮੁਗਲ-ਏ-ਆਜ਼ਮ,ਗੰਗਾ-ਜਮੁਨਾ ਵਰਗੀਆਂ ਕਈ ਹਿੱਟ ਫ਼ਿਲਮਾਂ ਵਿੱਚ ਨਜ਼ਰ ਆਏ ਸਨ।

ਉਨ੍ਹਾਂ ਦੀਆਂ ਕੁਝ ਖ਼ਾਸ ਫ਼ਿਲਮਾਂ ਅਜੇ ਵੀ ਲੋਕਾਂ ਦੇ ਦਿਲਾਂ ਵਿੱਚ ਜ਼ਿੰਦਾ ਹਨ।60 ਦੇ ਦਹਾਕੇ ਵਿੱਚ ਰਿਲੀਜ਼ ਹੋਈ ਫ਼ਿਲਮ ਮੁਗਲ-ਏ-ਆਜ਼ਮ ਅੱਜ ਵੀ ਹਰ ਕਿਸੇ ਦੇ ਦਿਲ ਵਿੱਚ ਵੱਸੀ ਹੋਈ ਹੈ। ਦਿਲੀਪ ਕੁਮਾਰ ਨੇ ਇਸ ਫ਼ਿਲਮ ਵਿੱਚ ਸਲੀਮ ਦਾ ਕਿਰਦਾਰ ਅਦਾ ਕੀਤਾ ਸੀ ਤੇ ਉਨ੍ਹਾਂ ਦੇ ਨਾਲ ਇਸ ਫ਼ਿਲਮ ਵਿੱਚ ਮਧੂਬਾਲਾ ਨੇ ਨਾਦਿਰਾ ਦਾ ਕਿਰਦਾਰ ਨਿਭਾਇਆ। ਇਸ ਫ਼ਿਲਮ ਨੇ ਬਾਕਸ ਆਫਿਸ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ। ਅਜਿਹੀਆਂ ਹੀ ਹੋਰਨਾਂ ਫ਼ਿਲਮਾਂ ਜਿਵੇਂ ਕਿ ਦੇਵਦਾਸ, ਕ੍ਰਾਂਤੀ,ਗੰਗਾ ਜਮੁਨਾ ਤੇ ਸੌਦਾਗਰ ਵਰਗੀਆਂ ਫ਼ਿਲਮਾਂ ਸੁਪਰ ਹਿੱਟ ਰਹੀਆਂ।

ਦਿਲੀਪ ਕੁਮਾਰ ਅਤੇ ਮਧੂਬਾਲਾ ਦੀ ਕਹਾਣੀ ਬੇਹੱਦ ਚਰਚਾ ਵਿੱਚ ਰਹੀ ਹੈ। ਦਲੀਪ ਕੁਮਾਰ ਮਧੂਬਾਲਾ ਨਾਲ ਵਿਆਹ ਕਰਨਾ ਚਾਹੁੰਦੇ ਸੀ। 'ਨਵਾਂ ਦੌਰ' ਫ਼ਿਲਮ ਦੇ ਪਹਿਲਾ ਤੋਂ ਹੀ ਦਲੀਪ ਕੁਮਾਰ ਅਤੇ ਮਧੂਬਾਲਾ ਦਾ ਪਿਆਰ ਕਾਫੀ ਅੱਗੇ ਵਧ ਚੁੱਕਾ ਸੀ। ਦੋਨੋ ਵੀ ਇੱਕ ਦੂਜੇ ਨਾਲ ਵਿਆਹ ਕਰਨਾ ਚਾਹੁੰਦੇ ਸੀ ਪਰ ਮਧੂਬਾਲਾ ਦੇ ਪਿਤਾ ਨੂੰ ਇਹ ਰਿਸ਼ਤਾ ਮੰਜੂਰ ਨਹੀਂ ਸੀ। ਨਵਾਂ ਦੌਰ ਫ਼ਿਲਮ ਦੀ ਸ਼ੂਟਿੰਗ ਉੱਤੇ ਹੀ ਦਲੀਪ ਕੁਮਾਰ ਅਤੇ ਮਧੂਬਾਲਾ ਵਿੱਚ ਗੱਲਬਾਤ ਬੰਦ ਹੋ ਗਈ, The Substance and Shadow' ਇਸ ਆਪਣੇ ਆਤਮ ਚਰਿੱਤਰ ਵਿੱਚ ਦਲੀਪ ਕੁਮਾਰ ਨੇ ਇਸ ਦਾ ਜ਼ਿਕਰ ਕੀਤਾ ਹੈ, ਇਸ ਦੇ ਬਾਵਜੂਦ ਦਲੀਪ ਕੁਮਾਰ ਨੇ ਆਪਣੇ ਕੰਮ ਉੱਤੇ ਧਿਆਨ ਦਿੱਤਾ।


 ਹੋਰ ਪੜ੍ਹੋ: ਫ਼ਿਲਮ 'ਐਨੀਮਲ' 'ਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲੱਗੇ ਦੋਸ਼, SGPC ਕੋਲ ਪੁੱਜਾ ਮਾਮਲਾ

50 ਅਤੇ 60 ਦੇ ਦਹਾਕੇ ਵਿੱਚ ਕੁੜੀਆਂ ਉਨ੍ਹਾਂ ਉੱਤੇ ਮਰਦੀਆਂ ਸੀ। ਸਾਇਰਾ ਬਾਨੋ ਵੀ ਉਨ੍ਹਾਂ ਵਿੱਚੋਂ ਇੱਕ ਸੀ। ਮਹਿਜ 12 ਸਾਲ ਦੀ ਉਮਰ ਵਿੱਚ ਹੀ ਸਾਇਰਾ ਬਾਨੋ ਨੂੰ ਦਲੀਪ ਕੁਮਾਰ ਨਾਲ ਪਿਆਰ ਹੋ ਗਿਆ ਸੀ। ਦੋਹਾਂ ਦੀ ਉਮਰ ਵਿੱਚ ਕਰੀਬ ਦੁਗਣਾ ਅੰਤਰ ਸੀ। ਜਦੋਂ ਸਾਇਰਾ ਬਾਨੋ ਅਤੇ ਦਲੀਪ ਕੁਮਾਰ ਦਾ ਵਿਆਹ ਹੋਇਆ ਸੀ ਉਦੋਂ ਸਾਇਰਾ ਬਾਨੋ ਦੀ ਉਮਰ ਮਹਿਜ਼ 22 ਸਾਲ ਸੀ ਅਤੇ ਦਲੀਪ ਦੀ ਉਮਰ 44 ਸਾਲ ਸੀ। ਇਸ ਦੇ ਬਾਵਜੂਦ ਦੋਨਾਂ ਨੇ ਵਿਆਹ ਕਰਵਾ ਲਿਆ ਸੀ। ਸਾਇਰਾ ਬਾਨੋ ਨੇ ਦਿਲੀਪ ਦੇ ਆਖ਼ਰੀ ਸਮੇਂ ਤੱਕ ਉਨ੍ਹਾਂ ਦਾ ਸਾਥ ਦੇ ਕੇ ਆਪਣੀ ਸੱਚੀ ਮੁਹੱਬਤ ਨੂੰ ਸਮਰਪਿਤ ਕੀਤਾ ਹੈ।


Related Post