RD Burman Birth anniversary: ਜ਼ਿੰਦਗੀ ਦੇ ਆਖਰੀ ਦਿਨਾਂ 'ਚ ਹਸਪਤਾਲ 'ਚ ਰਹਿੰਦੇ ਹੋਏ ਆਰ ਡੀ ਬਰਮਨ ਨੇ ਤਿਆਰ ਕਰ ਦਿੱਤੇ ਸਨ ਕਈ ਫ਼ਿਲਮਾਂ ਦੇ ਗੀਤ
ਅੱਜ ਬਾਲੀਵੁੱਡ ਇੰਡਸਟਰੀ ਦੇ ਮਹਾਨ ਸੰਗੀਤਕਾਰ ਆਰ ਡੀ ਬਰਮਨ ਦਾ ਜਨਮਦਿਨ ਹੈ। ਆਰ ਡੀ ਬਰਮਨ ਨੇ ਆਪਣੇ ਸੰਗੀਤ ਨਾਲ ਭਾਰਤੀ ਸੰਗੀਤ ਨੂੰ ਦੁਨੀਆਂ ਦੇ ਕੋਨੇ ਕੋਨੇ ਵਿੱਚ ਪਹੁੰਚਾਇਆ ਸੀ । ਪੰਚਮ ਦਾਅ ਦੇ ਨਾਂਅ ਨਾਲ ਮਸ਼ਹੂਰ ਆਰ ਡੀ ਬਰਮਨ ਨੇ ਲਗਾਤਾਰ ਤਿੰਨ ਦਹਾਕੇ ਆਪਣੇ ਸੰਗੀਤ ਦੇ ਨਾਲ ਬਾਲੀਵੁੱਡ ਤੇ ਰਾਜ ਕੀਤਾ ਹੈ
RD Burman Birth anniversary: ਬਾਲੀਵੁੱਡ ਦੇ ਮਸ਼ਹੂਰ ਸੰਗੀਤਕਾਰ ਆਰ ਡੀ ਬਰਮਨ ਨੇ ਆਪਣੇ ਸੰਗੀਤ ਨਾਲ ਭਾਰਤੀ ਸੰਗੀਤ ਨੂੰ ਦੁਨੀਆਂ ਦੇ ਕੋਨੇ ਕੋਨੇ ਵਿੱਚ ਪਹੁੰਚਾਇਆ ਸੀ । ਪੰਚਮ ਦਾਅ ਦੇ ਨਾਂਅ ਨਾਲ ਮਸ਼ਹੂਰ ਆਰ ਡੀ ਬਰਮਨ ਨੇ ਲਗਾਤਾਰ ਤਿੰਨ ਦਹਾਕੇ ਆਪਣੇ ਸੰਗੀਤ ਦੇ ਨਾਲ ਬਾਲੀਵੁੱਡ ਤੇ ਰਾਜ ਕੀਤਾ ਹੈ ਤੇ 331 ਫ਼ਿਲਮਾਂ ਨੂੰ ਆਪਣੇ ਸੰਗੀਤ ਦੇ ਨਾਲ ਸਜ਼ਾਇਆ ਹੈ । ਇਸ ਆਰਟੀਕਲ ਵਿੱਚ ਅਸੀਂ ਤੁਹਾਨੂੰ ਉਨ੍ਹਾਂ ਦੇ ਜੀਵਨ ਨਾਲ ਸਬੰਧਤ ਕੁਝ ਅਣਸੁਣੀਆਂ ਕਹਾਣੀਆਂ ਦੱਸਾਂਗੇ ।
ਇਸ ਮਹਾਨ ਸੰਗੀਤਕਾਰ ਦਾ ਪੂਰਾ ਨਾਂ ਰਾਹੁਲ ਦੇਵ ਬਰਮਨ ਸੀ । 27 ਜੂਨ 1939 ਵਿੱਚ ਜਨਮੇ ਰਾਹੁਲ ਤ੍ਰਿਪੁਰਾ ਦੇ ਰਾਜਸੀ ਖ਼ਾਨਦਾਨ ਨਾਲ ਸਬੰਧ ਰੱਖਦੇ ਸਨ । ਉਨ੍ਹਾਂ ਦੇ ਪਿਤਾ ਸਚਿਨ ਦੇਵ ਬਰਮਨ ਵੀ ਬਾਲੀਵੁੱਡ ਦੇ ਮਸ਼ਹੂਰ ਸੰਗੀਤਕਾਰ ਸਨ ਜਦੋਂ ਕਿ ਉਨ੍ਹਾਂ ਦੀ ਮਾਂ ਮੀਰਾ ਦੇਵ ਬਰਮਨ ਇੱਕ ਮਸ਼ਹੂਰ ਗੀਤਕਾਰ ਸੀ । ਉਨ੍ਹਾਂ ਦੇ ਦਾਦਾ ਨਾਬਾਦੀਪਚੰਦਰ ਦੇਵ ਬਰਮਨ ਤ੍ਰਿਪੁਰਾ ਦੇ ਰਾਜ ਕੁਮਾਰ ਸਨ ਜਦੋਂ ਕਿ ਉਨ੍ਹਾਂ ਦੀ ਦਾਦੀ ਮਣੀਪੁਰ ਦੀ ਰਾਜ ਕੁਮਾਰੀ ਸੀ ।
ਆਰ ਡੀ ਬਰਮਨ ਦਾ ਅਸਲ ਨਾਂਅ ਰਾਹੁਲ ਦੇਵ ਤੋਂ ਪੰਚਮ ਹੋਣ ਦੇ ਪਿੱਛੇ ਵੀ ਇੱਕ ਕਹਾਣੀ ਹੈ। ਛੋਟੇ ਹੁੰਦੇ ਜਦੋਂ ਉਹ ਰੋਂਦੇ ਹੁੰਦੇ ਸਨ ਤਾਂ ਉਨ੍ਹਾਂ ਦੀ ਰੋਣ ਦੀ ਅਵਾਜ਼ ਸ਼ਾਸਤਰੀ ਸੰਗੀਤ ਦੇ ਪੰਜਵੇਂ ਸਰਗਮ 'ਪ' ਦੀ ਤਰ੍ਹਾਂ ਹੁੰਦੀ ਸੀ ਇਸ ਕਰਕੇ ਉਨ੍ਹਾਂ ਦੀ ਨਾਨੀ ਨੇ ਉਨ੍ਹਾਂ ਦਾ ਨਾਂ ਪੰਚਮ ਰੱਖ ਦਿੱਤਾ ।
ਰਾਹੁਲ ਦੇਵ ਬਰਮਨ ਦੀ ਸ਼ੁਰੂਆਤੀ ਪੜ੍ਹਾਈ ਬੰਗਾਲ ਵਿੱਚ ਹੋਈ ਸੀ । ਉਨ੍ਹਾਂ ਨੇ ਪਹਿਲਾ ਗਾਣਾ 'ਏ ਮੇਰੀ ਟੋਪੀ ਪਲਟ ਕੇ ਆ' ਨੌ ਸਾਲ ਦੀ ਉਮਰ ਵਿੱਚ ਤਿਆਰ ਕਰ ਲਿਆ ਸੀ । ਇਸ ਗਾਣੇ ਨੂੰ ਪੰਚਮ ਦਾ ਦੇ ਪਿਤਾ ਨੇ ਫ਼ਿਲਮ 'ਫੰਟੂਸ਼' ਵਿੱਚ ਸ਼ਾਮਿਲ ਕੀਤਾ ਸੀ । ਕਿਹਾ ਜਾਂਦਾ ਹੈ ਕਿ 'ਸਰ ਜੋ ਤੇਰਾ ਚਕਰਾਏ ਯਾ ਦਿਲ ਡੂਬਾ ਜਾਏ' ਗਾਣੇ ਦੀ ਧੁਨ ਪੰਚਮ ਦਾ ਨੇ ਬਚਪਨ ਵਿੱਚ ਹੀ ਤਿਆਰ ਕਰ ਲਈ ਸੀ । ਇਸ ਗਾਣੇ ਨੂੰ ਗੁਰਦੱਤ ਦੀ ਫ਼ਿਲਮ ਪਿਆਸਾ ਵਿੱਚ ਸ਼ਾਮਿਲ ਕੀਤਾ ਗਿਆ ਸੀ ।
ਆਰ ਡੀ ਬਰਮਨ ਨੂੰ ਸੰਗੀਤਕਾਰ ਦੇ ਰੂਪ ਵਿੱਚ ਪਹਿਲਾ ਮੌਕਾ ਫ਼ਿਲਮ 'ਰਾਜ਼' ਨਾਲ ਮਿਲਿਆ ਪਰ ਇਹ ਫ਼ਿਲਮ ਕਿਸੇ ਕਾਰਨ ਕਰਕੇ ਪੂਰੀ ਨਹੀਂ ਹੋ ਸਕੀ । ਇਸ ਫ਼ਿਲਮ ਤੋਂ ਬਾਅਦ ਆਰ ਡੀ ਬਰਮਨ ਨੇ ਗੀਤਾ ਦੱਤ ਤੇ ਆਸ਼ਾ ਭਂੋਸਲੇ ਦੇ ਦੋ ਗਾਣਿਆਂ ਦਾ ਸੰਗੀਤ ਤਿਆਰ ਕੀਤਾ । ਇਸ ਸਭ ਦੇ ਚਲਦੇ ਇੱਕ ਦਿਨ ਕਮੇਡੀਅਨ ਮਹਿਮੂਦ ਦੀ ਨਜ਼ਰ ਆਰ ਡੀ ਬਰਮਨ ਤੇ ਪਈ ਮਹਿਮੂਦ ਨੂੰ ਉਨ੍ਹਾਂ ਦਾ ਤਬਲਾ ਵਜਾਉਣਾ ਬਹੁਤ ਪਸੰਦ ਆਇਆ ਤੇ ਉਨ੍ਹਾਂ ਨੇ ਫ਼ਿਲਮ ਛੋਟੇ ਨਵਾਬ ਲਈ ਬਤੌਰ ਸੰਗੀਤਕਾਰ ਸਾਈਨ ਕੀਤਾ।
1970 ਵਿੱਚ ਰਿਲੀਜ਼ ਹੋਈ ਫ਼ਿਲਮ 'ਹਰੇ ਰਾਮਾ ਰਹੇ ਕ੍ਰਿਸ਼ਨਾ' ਦੇ ਗਾਣੇ ਨੂੰ ਸੰਗੀਤ ਆਰ ਡੀ ਬਰਮਨ ਨੇ ਦਿੱਤਾ ਸੀ । ਇਹ ਗਾਣਾ ਏਨਾਂ ਮਸ਼ਹੂਰ ਹੋਇਆ ਕਿ ਦੇਵ ਆਨੰਦ ਨੂੰ ਇਸ ਤਰ੍ਹਾਂ ਲੱਗਿਆ ਕਿ ਇਹ ਗਾਣਾ ਪੂਰੀ ਫ਼ਿਲਮ ਤੇ ਹਾਵੀ ਹੋ ਜਾਵੇਗਾ, ਇਸ ਲਈ ਇਸ ਗਾਣੇ ਦੇ ਕੁਝ ਹਿੱਸੇ ਨੂੰ ਕੱਟ ਦਿੱਤਾ ਗਿਆ ਇਹ ਗਾਣਾ ਅੱਜ ਵੀ ਬਹੁਤ ਮਸ਼ਹੂਰ ਹੈ।
ਆਰ ਡੀ ਬਰਮਨ ਨੇ ਰੀਤਾ ਪਟੇਲ ਨਾਲ ਵਿਆਹ ਕੀਤਾ ਸੀ , ਪਰ ਇਹ ਵਿਆਹ ਜ਼ਿਆਦਾ ਚਿਰ ਚੱਲ ਨਹੀਂ ਸਕਿਆ । ਇਸ ਤੋਂ ਬਾਅਦ ਆਰ ਡੀ ਬਰਮਨ ਪਰੇਸ਼ਾਨ ਰਹਿਣ ਲੱਗ ਗਏ ਸਨ ।ਆਰ ਡੀ ਬਰਮਨ ਨੇ ਪਰਿਚਯ ਫ਼ਿਲਮ ਦਾ ਗਾਣਾ ਮੁਸਾਫ਼ਿਰ ਹੂ ਯਾਰੋ ਬਣਾਇਆ । ਇਸ ਤੋਂ ਬਾਅਦ ਉਨ੍ਹਾਂ ਨੇ ਆਸ਼ਾ ਭੋਸਲੇ ਨਾਲ ਵਿਆਹ ਕਰ ਲਿਆ ਪਰ ਇਸ ਵਿਆਹ ਨੂੰ ਵੀ ਕਿਸੇ ਦੀ ਨਜ਼ਰ ਲੱਗ ਗਈ ਤੇ ਦੋਵੇ ਵੱਖ ਰਹਿਣ ਲੱਗ ਗਏ । 80 ਦੇ ਦਹਾਕੇ ਦੇ ਅੰਤ ਵਿੱਚ ਬਾਲੀਵੁੱਡ ਵਿੱਚ ਬੱਪੀ ਲਹਿਰੀ ਸਣੇ ਕਈ ਮਿਊਜ਼ਿਕ ਕੰਪੋਜ਼ਰ ਆ ਗਏ ਸਨ।
ਹੋਰ ਪੜ੍ਹੋ: Paris Di Jugni: ਸਤਿੰਦਰ ਸਰਤਾਜ ਦਾ ਨਵਾਂ ਗੀਤ 'ਪੈਰਿਸ ਦੀ ਜੁਗਨੀ' ਹੋਇਆ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਗੀਤ
ਇਸੇ ਦੌਰਾਨ ਆਰ ਡੀ ਬਰਮਨ ਨੂੰ ਦਿਲ ਦਾ ਦੌਰਾ ਪਿਆ ਤੇ ਉਨ੍ਹਾਂ ਨੂੰ ਇਲਾਜ਼ ਲਈ ਇੰਗਲੈਂਡ ਲਿਜਾਇਆ ਗਿਆ । ਹਸਪਤਾਲ ਵਿੱਚ ਇਲਾਜ਼ ਕਰਵਾਉਂਦੇ ਹੋਏ ਵੀ ਉਹ ਸੰਗੀਤ ਦੀ ਸੇਵਾ ਕਰਦੇ ਰਹੇ ਤੇ ਉਨ੍ਹਾਂ ਨੇ ਹਸਪਤਾਲ ਵਿੱਚ ਹੀ ਕਈ ਫ਼ਿਲਮਾਂ ਦੇ ਗਾਣਿਆਂ ਦਾ ਸੰਗੀਤ ਤਿਆਰ ਕਰ ਦਿੱਤਾ ਸੀ । ਇਸੇ ਦੌਰਾਨ ਉਨ੍ਹਾਂ ਦਾ ਦਿਹਾਂਤ ਹੋ ਗਿਆ ।