ਮਸ਼ਹੂਰ ਫਿਲਮ ਨਿਰਮਾਤਾ ਕੁਮਾਰ ਸ਼ਾਹਨੀ ਦਾ ਹੋਇਆ ਦਿਹਾਂਤ, 83 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ
Filmmaker Kumar Shahani Death News: ਬਾਲੀਵੁੱਡ ਦੇ ਮਸ਼ਹੂਰ ਫਿਲਮ ਨਿਰਮਾਤਾ ਕੁਮਾਰ ਸ਼ਾਹਨੀ (Kumar Shahani) ਦਾ ਦਿਹਾਂਤ ਹੋ ਗਿਆ, ਉਹ 83 ਸਾਲਾਂ ਦੇ ਸਨ। ਉਹ ਉਮਰ ਸਬੰਧੀ ਬਿਮਾਰੀਆਂ ਤੋਂ ਪੀੜਤ ਸਨ ਤੇ ਜ਼ੇਰੇ ਇਲਾਜ਼ ਉਨ੍ਹਾਂ ਦੀ ਮੌਤ ਹੋ ਗਈ। ਇਸ ਖ਼ਬਰ ਦੀ ਪੁਸ਼ਟੀ ਅਦਾਕਾਰਾ ਮੀਤਾ ਵਸ਼ਿਸ਼ਟ ਨੇ ਕੀਤੀ ਹੈ।
'ਚਾਰ ਅਧਿਆਏ' ਅਤੇ 'ਕਸਬਾ' ਵਰਗੀਆਂ ਫਿਲਮਾਂ ਬਨਾਉਣ ਵਾਲੇ ਨਿਰਦੇਸ਼ਕ ਕੁਮਾਰ ਸ਼ਾਹਾਨੀ ਦਾ 24 ਫਰਵਰੀ ਨੂੰ ਕੋਲਕਾਤਾ 'ਚ ਦਿਹਾਂਤ ਹੋ ਗਿਆ ਸੀ। ਉਨ੍ਹਾਂ ਨੂੰ ਕੋਲਕਾਤਾ ਦੇ ਏਐਮਆਰਆਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦਾ ਉਮਰ ਨਾਲ ਸਬੰਧਤ ਬਿਮਾਰੀਆਂ ਦਾ ਇਲਾਜ ਜਾਰੀ ਸੀ ਤੇ ਇਸ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਇਸ ਖ਼ਬਰ ਦੀ ਪੁਸ਼ਟੀ ਅਦਾਕਾਰਾ ਮੀਤਾ ਵਸ਼ਿਸ਼ਟ ਨੇ ਕੀਤੀ ਹੈ, ਜਿਨ੍ਹਾਂ ਨੇ ਨਿਰਦੇਸ਼ਕ ਨਾਲ 'ਵਾਰ ਦੀ ਵਾਰੀ', 'ਖਿਆਲ ਗਾਥਾ' ਅਤੇ 'ਕਸਬਾ' ਵਰਗੀਆਂ ਫ਼ਿਲਮਾਂ ਲਈ ਕੰਮ ਕੀਤਾ ਸੀ।
ਮੀਡੀਆ ਨਾਲ ਗੱਲ ਕਰਦੇ ਹੋਏ ਮੀਤਾ ਵਸ਼ਿਸ਼ਠ ਨੇ ਕਿਹਾ, "ਉਨ੍ਹਾਂ ਦਾ ਬੀਤੀ ਰਾਤ ਕਰੀਬ 11 ਵਜੇ ਕੋਲਕਾਤਾ ਦੇ ਇੱਕ ਹਸਪਤਾਲ ਵਿੱਚ ਉਮਰ ਸੰਬੰਧੀ ਸਿਹਤ ਸਮੱਸਿਆਵਾਂ ਕਾਰਨ ਦਿਹਾਂਤ ਹੋ ਗਿਆ। ਉਹ ਬੀਮਾਰ ਸਨ ਅਤੇ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਨਹੀਂ ਹੋ ਰਿਹਾ ਸੀ। ਇਹ ਇੱਕ ਅਜਿਹਾ ਘਾਟਾ ਹੈ ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ ।" ਅਸੀਂ ਉਨ੍ਹਾਂ ਦੇ ਪਰਿਵਾਰ ਦੇ ਸੰਪਰਕ ਵਿੱਚ ਸੀ। ਕੁਮਾਰ ਅਤੇ ਮੈਂ ਬਹੁਤ ਗੱਲਾਂ ਕਰਦੇ ਸੀ ਅਤੇ ਮੈਨੂੰ ਪਤਾ ਸੀ ਕਿ ਉਹ ਬੀਮਾਰ ਸਨ ਅਤੇ ਹਸਪਤਾਲ ਵਿੱਚ ਸਨ।"
ਮੀਤਾ ਵਸ਼ਿਸ਼ਟ ਨੇ ਇਹ ਵੀ ਕਿਹਾ, "ਮੈਂ ਇੱਕ ਇਨਸਾਨ ਅਤੇ ਇੱਕ ਫਿਲਮ ਨਿਰਮਾਤਾ ਦੇ ਰੂਪ ਵਿੱਚ ਕੁਮਾਰ ਸ਼ਾਹਾਨੀ ਦੀ ਪ੍ਰਸ਼ੰਸਾ ਕਰਦੀ ਹਾਂ। ਉਹ ਸਾਡੇ ਦੇਸ਼ ਦੇ ਮਹਾਨ ਨਿਰਦੇਸ਼ਕਾਂ ਵਿੱਚੋਂ ਇੱਕ ਸਨ। ਸਮਾਜ, ਕਲਾ ਅਤੇ ਸਿਨੇਮਾ ਪ੍ਰਤੀ ਉਸਦੀ ਸ਼ਰਧਾ ਅਤੇ ਚੇਤਨਾ ਵਿਲੱਖਣ ਸੀ। ਉਨ੍ਹਾਂ ਦੀਆਂ ਫਿਲਮਾਂ ਪ੍ਰੇਰਨਾਦਾਇਕ ਸਨ।
ਮੀਤਾ ਵਸ਼ਿਸ਼ਟ ਨੇ ਆਪਣੇ ਸੋਸ਼ਲ ਮੀਡੀਆ 'ਤੇ ਕੁਮਾਰ ਸ਼ਾਹਨੀ ਬਾਰੇ ਇਕ ਪੋਸਟ ਵੀ ਸ਼ੇਅਰ ਕੀਤੀ ਹੈ। ਉਨ੍ਹਾਂ ਦੀ ਵੀਡੀਓ ਕਾਲ ਦੀ ਤਸਵੀਰ ਸਾਂਝੀ ਕਰਦੇ ਹੋਏ, ਕੈਪਸ਼ਨ ਵਿੱਚ ਲਿਖਿਆ, "ਪਿਆਰੇ ਕੁਮਾਰ... ਹੁਣ ਤੋਂ, ਤੁਸੀਂ ਜਿੱਥੇ ਵੀ ਹੋ... ਵੇਖੋ, ਅਸਮਾਨ ਵਿੱਚ ਖਿੜਕੀ ਖੁੱਲੀ ਰਹਿੰਦੀ ਹੈ।"
ਹੋਰ ਪੜ੍ਹੋ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੀ ਪੰਜਾਬੀ ਅਦਾਕਾਰਾ ਸਤਿੰਦਰ ਸੱਤੀ
ਕੁਮਾਰ ਸ਼ਾਹਾਨੀ ਦਾ ਜਨਮ 7 ਦਸੰਬਰ 1940 ਨੂੰ ਪਾਕਿਸਤਾਨ ਦੇ ਸਿੰਧ ਸੂਬੇ ਦੇ ਲਰਕਾਨਾ ਵਿੱਚ ਹੋਇਆ ਸੀ। ਪਰ ਬਾਅਦ 'ਚ ਉਹ ਆਪਣੇ ਪਰਿਵਾਰ ਨਾਲ ਮੁੰਬਈ ਚਲੇ ਗਏ। ਕੁਮਾਰ ਸ਼ਾਹਾਨੀ ਨੇ ਨਿਰਮਲ ਵਰਮਾ ਦੀ ਕਹਾਣੀ 'ਤੇ ਆਧਾਰਿਤ 'ਮਾਇਆ ਦਰਪਣ' ਬਣਾਈ ਸੀ। ਇਸ ਫਿਲਮ ਨੂੰ ਸਰਵੋਤਮ ਫੀਚਰ ਫਿਲਮ ਸ਼੍ਰੇਣੀ ਵਿੱਚ ਰਾਸ਼ਟਰੀ ਫਿਲਮ ਪੁਰਸਕਾਰ ਮਿਲਿਆ। ਕੁਮਾਰ ਸ਼ਾਹਾਨੀ ਨੇ ਹਿੰਦੀ ਸਿਨੇਮਾ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ ਇਨ੍ਹਾਂ ਵਿੱਚ 'ਤਰੰਗ', 'ਖਿਆਲ ਗਾਥਾ', 'ਕਸਬਾ' ਅਤੇ 'ਚਾਰ ਅਧਿਆਏ' ਸ਼ਾਮਲ ਹਨ। ਕੁਮਾਰ ਸ਼ਾਹਾਨੀ ਨੇ ਵੱਖ-ਵੱਖ ਸਮੇਂ 'ਤੇ ਇਕ ਨਹੀਂ ਸਗੋਂ 3 ਫਿਲਮਫੇਅਰ ਐਵਾਰਡ ਜਿੱਤੇ। ਉਨ੍ਹਾਂ ਨੇ 1973 ਵਿੱਚ ‘ਮਾਇਆ ਦਰਪਣ’, 1990 ਵਿੱਚ ‘ਖਯਾਲ ਗਾਥਾ’ ਅਤੇ 1991 ਵਿੱਚ ‘ਕਸਬਾ’ ਫਿਲਮਾਂ ਲਈ ਫਿਲਮਫੇਅਰ ਐਵਾਰਡ ਜਿੱਤੇ।