ਪੰਜਾਬੀ ਪਰਿਵਾਰ ਦੇ ਨਾਲ ਸਬੰਧ ਰੱਖਣ ਵਾਲੀ ਅਦਾਕਾਰਾ ਵਿਮੀ ਦਾ ਅੰਤ ਸੀ ਬਹੁਤ ਮਾੜਾ, ਠੇਲੇ ‘ਤੇ ਲੱਦ ਕੇ ਲਿਜਾਈ ਗਈ ਸੀ ਲਾਸ਼, ਨਾਨਕ ਨਾਮ ਜਹਾਜ਼ ਹੈ, ਹਮਰਾਜ ਸਣੇ ਕਈ ਹਿੱਟ ਫ਼ਿਲਮਾਂ ‘ਚ ਕੀਤਾ ਸੀ ਕੰਮ

ਬਾਲੀਵੁੱਡ ਇੰਡਸਟਰੀ ‘ਚ ਅਜਿਹੇ ਕਈ ਸਿਤਾਰੇ ਹੋਏ ਹਨ ।ਜਿਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਰਾਤੋ ਰਾਤ ਦਰਸ਼ਕਾਂ ਦੇ ਦਿਲਾਂ ‘ਚ ਜਗ੍ਹਾ ਬਣਾ ਲਈ ਸੀ । ਪਰ ਇੱਕ ਸਮਾਂ ਅਜਿਹਾ ਵੀ ਆਇਆ ਕਿ ਇਹ ਸਿਤਾਰੇ ਗੁੰਮਨਾਮੀ ਦੇ ਹਨੇਰੇ ‘ਚ ਗੁਆਚ ਗਏ । ਅੱਜ ਅਸੀਂ ਤੁਹਾਨੂੰ ਪੰਜਾਬੀ ਪਰਿਵਾਰ ਦੇ ਨਾਲ ਸਬੰਧ ਰੱਖਣ ਵਾਲੀ ਅਦਾਕਾਰਾ ਵਿਮੀ ਦੇ ਬਾਰੇ ਦੱਸਾਂਗੇ।

By  Shaminder July 21st 2024 08:00 AM

ਬਾਲੀਵੁੱਡ ਇੰਡਸਟਰੀ ਦੀ ਮੰਨੀ ਪ੍ਰਮੰਨੀ ਅਦਾਕਾਰਾ ਵਿਮੀ (Vimi)  ਪੰਜਾਬੀ ਪਰਿਵਾਰ ਦੇ ਨਾਲ ਸਬੰਧ ਰੱਖਣ ਵਾਲੀ ਆਜ਼ਾਦ ਖਿਆਲਾਂ ਦੀ ਔਰਤ ਸੀ । ਉਸ ਨੇ ਬਾਲੀਵੁੱਡ ਦੀ ਪ੍ਰਸਿੱਧ ਫ਼ਿਲਮ ‘ਹਮਰਾਜ਼’, ‘ਨਾਨਕ ਨਾਮ ਜਹਾਜ਼ ਹੈ’ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਸੀ। ਜਿਸ ਤੋਂ ਬਾਅਦ ਉਹ ਰਾਤੋ ਰਾਤ ਬਾਲੀਵੁੱਡ ‘ਚ ਛਾ ਗਈ । ਉਸ ਨੇ ਸੁਨੀਲ ਦੱਤ, ਬਲਰਾਜ ਸਾਹਨੀ, ਰਾਜ ਕੁਮਾਰ ਸਣੇ ਉਸ ਸਮੇਂ ਦੇ ਸੁਪਰ ਸਟਾਰਸ ਦੇ ਨਾਲ ਕੰਮ ਕੀਤਾ ਸੀ । ਪਰ ਉਹ ਜਿੰਨੀ ਤੇਜ਼ੀ ਦੇ ਨਾਲ ਬਾਲੀਵੁੱਡ ‘ਚ ਕਾਮਯਾਬੀ ਦੀਆਂ ਪੌੜੀਆਂ ਚੜ੍ਹੀ ਸੀ, ਓਨੀ ਹੀ ਜਲਦੀ ਉਸ ਦਾ ਸਟਾਰਡਮ ਖਤਮ ਵੀ ਹੋਇਆ ਅਤੇ ਉਹ ਗੁੰਮਨਾਮੀ ਦੇ ਹਨੇਰੇ ‘ਚ ਕਿਤੇ ਗੁਆਚ ਜਿਹੀ ਗਈ ਸੀ। 


ਹੋਰ ਪੜ੍ਹੋ : ਲੋਕਾਂ ਦੇ ਤਾਅਨਿਆਂ ਤੋਂ ਪਰੇਸ਼ਾਨ ਹੋਈ ਪਾਇਲ ਮਲਿਕ, ਕਿਹਾ ਅਰਮਾਨ ਨੂੰ ਦੇਵਾਂਗੀ ਤਲਾਕ

ਫ਼ਿਲਮਾਂ ‘ਚ ਆਉਣ ਤੋਂ ਪਹਿਲਾਂ ਹੋ ਗਿਆ ਸੀ ਵਿਆਹ 

ਵਿਮੀ ਦਾ ਫ਼ਿਲਮਾਂ ‘ਚ ਆਉਣ ਤੋਂ ਪਹਿਲਾਂ ਹੀ ਵਿਆਹ ਹੋ ਚੁੱਕਿਆ ਸੀ ਅਤੇ ਉਹ ਦੋ ਬੱਚਿਆਂ ਦੀ ਮਾਂ ਸੀ । ਪਰ ਉਸ ਨੇ ਆਪਣੇ ਦਮ ‘ਤੇ ਬਾਲੀਵੁੱਡ ‘ਚ ਖੁਦ ਨੂੰ ਸਥਾਪਿਤ ਕਰ ਲਿਆ ਸੀ। ਪਰ ਵਿਮੀ ਨੂੰ ਨਹੀਂ ਸੀ ਪਤਾ ਕਿ ਉਸ ਦੀ ਇਹ ਕਾਮਯਾਬੀ ਕੁਝ ਕੁ ਸਮੇਂ ਦੀ ਮਹਿਮਾਨ ਹੈ ।ਬਾਲੀਵੁੱਡ ‘ਚ ਉਸ ਦਾ ਡਾਊਨਫਾਲ ਉਸ ਸਮੇਂ ਸ਼ੁਰੂ ਹੋਇਆ ਸੀ ਜਦੋਂ ਉਹ ਆਪਣੇ ਪਤੀ ਸ਼ਿਵ ਅਗਰਵਾਲ ਤੋਂ ਵੱਖ ਹੋ ਗਈ ਅਤੇ ਇਹੀ ਉਸ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਭੁੱਲ ਸੀ ।ਪਤੀ ਨੂੰ ਛੱਡਣ ਤੋਂ ਬਾਅਦ ਉਹ ਜੌਲੀ ਨਾਂਅ ਦੇ ਸ਼ਖਸ ਦੇ ਨਾਲ ਰਹਿਣ ਲੱਗ ਪਈ ਜੋ ਕਿ ਇੱਕ ਬ੍ਰੋਕਰ ਸੀ। ਜੌਲੀ ਨੇ ਵਿਮੀ ਦੀ ਜ਼ਿੰਦਗੀ ਨੂੰ ਬਰਬਾਦ ਕਰ ਦਿੱਤਾ । ਜੌਲੀ ਨੇ ਵਿਮੀ ਨੂੰ ਗਲਤ ਰਸਤੇ ਪਾ ਦਿੱਤਾ ਅਤੇ ਜਿਸ ਕਾਰਨ ਵਿਮੀ ਸ਼ਰਾਬ ਦੀ ਆਦੀ ਹੋ ਗਈ । ਉਸ ਦੀ ਟੈਕਸਟਾਈਲ ਮਿੱਲ ਬੰਦ ਹੋ ਗਈ ਅਤੇ ਦਿਨ-ਬ-ਦਿਨ ਉਸ ਦੇ ਹਾਲਾਤ ਬਦਤਰ ਹੁੰਦੇ ਗਏ । 

 

ਫ਼ਿਲਮ ‘ਨਾਨਕ ਨਾਮ ਜਹਾਜ਼’ ਦੇ ਨਾਲ ਵਟੋਰੀਆਂ ਸੁਰਖੀਆਂ

ਵਿਮੀ ਨੇ ‘ਨਾਨਕ ਨਾਮ ਜਹਾਜ਼’ ਫ਼ਿਲਮ ਦੇ ਨਾਲ ਖੂਬ ਸੁਰਖੀਆਂ ਵਟੋਰੀਆਂ ਸਨ । ਇਸ ਤੋਂ ਇਲਾਵਾ ‘ਹਮਰਾਜ਼’ ਫ਼ਿਲਮ ‘ਚ ਕੰਮ ਕਰਨ ਤੋਂ ਬਾਅਦ ਉਸ ਦੇ ਕੋਲ ਫ਼ਿਲਮਾਂ ਦੀ ਲਾਈਨ ਲੱਗ ਗਈ ਸੀ ।ਵਿਮੀ ਦੀ ਪਹਿਲੀ ਫਿਲਮ ਹਮਰਾਜ਼ ਸੀ ਜਿਸ ਰਾਹੀਂ ਉਹ ਸਟਾਰ ਬਣੀ। ਇਸ ਤੋਂ ਬਾਅਦ ਉਹ ਬਚਨ, ਆਬਰੂ ਅਤੇ ਕਈ ਹੋਰ ਫਿਲਮਾਂ ਵਿੱਚ ਨਜ਼ਰ ਆਈ। ਕਿਹਾ ਜਾਂਦਾ ਹੈ ਕਿ ੬੦ ਦੇ ਦਹਾਕੇ 'ਚ ਵੀ ਵਿਮੀ ਇਕ ਫਿਲਮ ਲਈ ੩ ਲੱਖ ਰੁਪਏ ਫੀਸ ਲੈਂਦੀ ਸੀ।  


1977 ‘ਚ ਹੋਈ ਸੀ ਮੌਤ 

10 ਸਾਲਾਂ ਦੇ ਕਾਮਯਾਬ ਕਰੀਅਰ ਤੋਂ ਬਾਅਦ ਵਿਮੀ ਨੇ 1977 ‘ਚ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਦਿੱਤਾ । ਜਿਸ ਵੇਲੇ ਵਿਮੀ ਦੀ ਮੌਤ ਹੋਈ ਉਸ ਦੀ ਉਮਰ ਮਹਿਜ਼  34  ਸਾਲ ਸੀ ਦੱਸਿਆ ਜਾਂਦਾ ਹੈ ਕਿ ਆਖਰੀ ਸਮੇਂ ਵਿਮੀ ਦੀ ਅਰਥੀ ਨੂੰ ਮੋਢਾ ਦੇਣ ਵਾਲਾ ਵੀ ਕੋਈ ਨਹੀਂ ਸੀ ਅਤੇ ਠੇਲੇ ‘ਤੇ ਲੱਦ ਕੇ ਉਸ ਦੀ ਲਾਸ਼ ਨੂੰ ਸ਼ਮਸ਼ਾਨ ਘਾਟ ਲਿਜਾਇਆ ਗਿਆ ਸੀ ।

 






Related Post