AR Rahman Birthday: ਜਾਣੋ ਸੰਗੀਤਕਾਰ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ
Happy Birthday AR Rahman: ਅੱਜ ਬਾਲੀਵੁੱਡ ਤੇ ਸੰਗੀਤ ਜਗਤ ਦੇ ਮਹਾਨ ਸੰਗੀਤਕਾਰ ਏ.ਆਰ.ਰਹਿਮਾਨ ਦਾ ਜਨਮਦਿਨ ਹੈ। ਗਰੀਬੀ ਪਰਿਵਾਰ 'ਚ ਪੈਦਾ ਹੋਣ ਦੇ ਬਾਵਜੂਦ ਆਪਣੀ ਕੜੀ ਮਿਹਨਤ ਕਰਕੇ ਏ.ਆਰ.ਰਹਿਮਾਨ ਨੇ ਸੰਗੀਤ ਜਗਤ ਦੀਆਂ ਬੁਲੰਦਿਆਂ ਨੂੰ ਹਾਸਲ ਕੀਤਾ ਹੈ। ਆਓ ਅੱਜ ਉਨ੍ਹਾਂ ਦੇ ਜਨਮਦਿਨ 'ਤੇ ਜਾਣਦੇ ਹਾਂ ਕਿ ਆਖ਼ਿਰ ਏ.ਆਰ.ਰਹਿਮਾਨ ਨੇ ਆਪਣਾ ਅਸਲ ਨਾਂਅ ਕਿਉਂ ਬਦਲ ਲਿਆ।
ਦੱਸ ਦਈਏ ਕਿ ਏ.ਆਰ.ਰਹਿਮਾਨ (AR Rahman) ਇਸ ਸਾਲ ਆਪਣਾ 56ਵਾਂ ਜਨਮਦਿਨ ਮਨਾ ਰਹੇ ਹਨ. ਏ.ਆਰ.ਰਹਿਮਾਨ ਦਾ ਜਨਮ 6 ਜਨਵਰੀ 1966 ਨੂੰ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਵਿੱਚ ਹੋਇਆ ਸੀ। ਰਹਿਮਾਨ ਨੂੰ ਸੰਗੀਤ ਦੀ ਸਿੱਖਿਆ ਆਪਣੇ ਆਪਣੇ ਪਿਤਾ ਆਰ. ਕੇ. ਸ਼ੇਖਰ ਕੋਲੋਂ ਵਿਰਾਸਤ ਵਿੱਚ ਮਿਲੀ ਸੀ, ਕਿਉਂਕਿ ਉਨ੍ਹਾਂ ਦੇ ਪਿਤਾ ਵੀ ਇਕ ਸੰਗੀਤਕਾਰ ਸਨ।
ਏ.ਆਰ.ਰਹਿਮਾਨ ਦਾ ਪੂਰਾ ਨਾਂਅ ਅੱਲਹਾ ਰਾਖਾ ਰਹਿਮਾਨ ਹੈ, ਜਦੋਂ ਕਿ ਉਨ੍ਹਾਂ ਦਾ ਅਸਲੀ ਨਾਂਅ ਦਿਲੀਪ ਕੁਮਾਰ ਸੀ। ਏ.ਆਰ.ਰਹਿਮਾਨ ਦੇ ਕਈ ਫੈਨਜ਼ ਇਹ ਜਾਨਣਾ ਚਾਹੁੰਦੇ ਹਨ ਕਿ ਆਖ਼ਿਰ ਇੱਕ ਸਾਊਥ ਇੰਡੀਅਨ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਏ.ਆਰ.ਰਹਿਮਾਨ ਨੇ ਆਪਣਾ ਅਸਲ ਨਾਂਅ ਤੇ ਧਰਮ ਕਿਉਂ ਬਦਲ ਲਿਆ। ਇਸ ਦੇ ਪਿਛੇ ਇੱਕ ਬੇਹੱਦ ਦਰਦ ਭਰੀ ਕਹਾਣੀ ਹੈ।
ਪਿਤਾ ਦੇ ਦਿਹਾਂਤ ਮਗਰੋਂ ਕਰਨਾ ਪਿਆ ਕਈ ਮੁਸ਼ਕਲਾਂ ਦਾ ਸਾਹਮਣਾ
ਏ.ਆਰ.ਰਹਿਮਾਨ ਜਦੋਂ 9 ਸਾਲ ਦੇ ਸੀ ਤਾਂ ਉਸ ਸਮੇਂ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ। ਸਕੂਲ ਵਿੱਚ ਪੜ੍ਹਨ ਵਾਲੇ ਨਿੱਕੇ ਜਿਹੇ ਰਹਿਮਾਨ ਨੂੰ ਘਰ ਦਾ ਗੁਜ਼ਾਰਾ ਕਰਨ ਲਈ ਕੰਮ ਕਰਨਾ ਪਿਆ। ਕੰਮ ਕਰਨ ਦੇ ਚੱਲਦੇ ਉਹ ਚੰਗੀ ਤਰ੍ਹਾਂ ਪੜ੍ਹਾਈ ਨਾ ਕਰ ਸਕੇ ਅਤੇ ਪੇਪਰਾਂ ਵਿੱਚ ਫੇਲ ਹੋ ਗਏ। ਉਨ੍ਹਾਂ ਦਾ ਪਰਿਵਾਰ ਏਨ੍ਹੀਂ ਮੁਸ਼ਕਲ ਹਲਾਤਾਂ ਵਿੱਚ ਸੀ ਕਿ ਉਨ੍ਹਾਂ ਨੂੰ ਘਰ ਦਾ ਗੁਜ਼ਾਰਾ ਕਰਨ ਲਈ ਸਾਰੇ ਸੰਗੀਤ ਸਾਜ਼ਾਂ ਤੱਕ ਨੂੰ ਵੇਚਣਾ ਪਿਆ। ਲਗਾਤਾਰ ਮੁਸ਼ਕਲ ਹਲਾਤਾਂ 'ਚ ਗੁਜ਼ਾਰਾ ਕਰ ਰਹੇ ਰਹਿਮਾਨ ਨੂੰ ਉਦੋਂ ਵੱਡਾ ਝੱਟਕਾ ਲੱਗਾ ਜਦੋਂ ਸਕੂਲ ਵਿੱਚ ਜਿਆਦਾ ਸਮੇਂ ਲਈ ਐਬਸੈਂਟ ਹੋਣ ਦੇ ਚੱਲਦੇ ਰਹਿਮਾਨ ਨੂੰ ਸਕੂਲ ਛੱਡਣਾ ਪਿਆ।
ਉਸ ਵੇਲੇ ਮਾਂ ਦੇ ਕਹਿਣ 'ਤੇ ਰਹਿਮਾਨ ਨੇ ਸਕੂਲ ਛੱਡ ਸੰਗੀਤ 'ਤੇ ਧਿਆਨ ਦਿੱਤਾ। ਧਰਮ ਅਤੇ ਨਾਂਅ ਬਦਲਣ ਬਾਰੇ ਦੱਸਿਆ ਜਾਂਦਾ ਹੈ ਕਿ ਰਹਿਮਾਨ ਆਪਣੇ ਪਰਿਵਾਰ ਨਾਲ ਮੁੰਬਈ ਆਏ, ਇਸ ਦੌਰਾਨ ਉਨ੍ਹਾਂ ਦੀ ਭੈਣ ਦੀ ਤਬੀਅਤ ਬਹੁਤ ਖ਼ਰਾਬ ਹੋ ਗਈ। ਪਰਿਵਾਰ ਨੇ ਜਦੋਂ ਧੀ ਦੇ ਬੱਚਣ ਦੀ ਉਮੀਦ ਛੱਡ ਦਿੱਤੀ ਤਾਂ ਉਸ ਸਮੇਂ ਰਹਿਮਾਨ ਨੂੰ ਇੱਕ ਕਾਦਰੀ ਮਿਲਿਆ। ਰਹਿਮਾਨ ਨੇ ਰੱਬ 'ਤੇ ਭਰੋਸਾ ਰੱਖਿਆ ਤੇ ਉਸ ਕਾਦਰੀ ਦੇ ਸੇਵਾ ਵਿੱਚ ਲੱਗ ਗਏ। ਕੁਝ ਸਮੇਂ ਬਾਅਦ ਰਹਿਮਾਨ ਦੀ ਭੈਣ ਪੂਰੀ ਤਰ੍ਹਾਂ ਸਿਹਤਯਾਬ ਹੋ ਗਈ। ਇਸ ਘਟਨਾ ਤੋਂ ਬਾਅਦ ਰਹਿਮਾਨ ਨੇ ਆਪਣਾ ਨਾਂਅ ਦਿਲੀਪ ਕੁਮਾਰ ਤੋਂ ਬਦਲ ਕੇ ਨਾਂਅ ਅੱਲਹਾ ਰਾਖਾ ਰਹਿਮਾਨ ਰੱਖ ਲਿਆ ਤੇ ਇਸਲਾਮ ਧਰਮ ਕਬੂਲ ਕਰ ਲਿਆ। ਏ.ਆਰ.ਰਹਿਮਾਨ ਦੀ ਪਤਨੀ ਦਾ ਨਾਂਅ ਸਾਇਰਾ ਬਾਨੋ ਹੈ ਅਤੇ ਉਨ੍ਹਾਂ ਦੇ ਤਿੰਨ ਬੱਚੇ ਖਤੀਜਾ, ਰਹੀਮਾ ਅਤੇ ਅਮੀਨ ਹਨ।
ਏ.ਆਰ.ਰਹਿਮਾਨ ਦਾ ਸੰਗੀਤਕ ਸਫ਼ਰ
ਆਪਣੇ ਸੰਗੀਤ ਦੇ ਹੁਨਰ ਦੇ ਚਲਦੇ ਰਹਿਮਾਨ ਨੇ ਸਾਲ 1991 'ਚ ਫ਼ਿਲਮਾਂ ਵਿੱਚ ਸੰਗੀਤ ਦੇਣਾ ਸ਼ੁਰੂ ਕੀਤਾ। ਫ਼ਿਲਮ ਨਿਰਦੇਸ਼ਕ ਮਣੀਰਤਨਮ ਨੇ ਉਨ੍ਹਾਂ ਨੂੰ ਆਪਣੀ ਫ਼ਿਲਮ ਰੋਜ਼ਾ ਦੇ ਵਿੱਚ ਬ੍ਰੇਕ ਦਿੱਤਾ। ਇਸ ਫ਼ਿਲਮ ਦਾ ਗੀਤ ਰੋਜ਼ਾ ਮੇਰੀ ਜਾਨ ਬਹੁਤ ਹਿੱਟ ਹੋਇਆ। ਰਹਿਮਾਨ ਨੇ ਹੁਣ ਤੱਕ ਕਈ ਫ਼ਿਲਮਾਂ ਵਿੱਚ ਸੰਗੀਤ ਦਿੱਤਾ ਹੈ।
ਏ.ਆਰ.ਰਹਿਮਾਨ ਨੂੰ ਮਿਲੇ ਕਈ ਸਨਮਾਨ
ਏ.ਆਰ.ਰਹਿਮਾਨ ਨੂੰ ਹੁਣ ਤੱਕ ਦੱਖਣ ਭਾਰਤੀ ਫਿਲਮਾਂ ਲਈ 6 ਨੈਸ਼ਨਲ ਫਿਲਮ ਅਵਾਰਡ, 2 ਆਸਕਰ ਅਵਾਰਡ, 2 ਗ੍ਰੈਮੀ ਅਵਾਰਡ, 1 ਗੋਲਡਨ ਗਲੋਬ ਅਵਾਰਡ, 15 ਫਿਲਮਫੇਅਰ ਅਵਾਰਡ ਅਤੇ 17 ਫਿਲਮਫੇਅਰ ਅਵਾਰਡ ਮਿਲ ਚੁੱਕੇ ਹਨ। ਏ.ਆਰ.ਰਹਿਮਾਨ ਦਾ ਚੇਨਈ ਵਿੱਚ ਆਪਣਾ ਸੰਗੀਤ ਸਟੂਡੀਓ ਹੈ।