ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਡਾਇਰੈਕਟਰ ਸੰਜੇ ਲੀਲਾ ਭੰਸਾਲੀ ਅੱਜ ਯਾਨੀ 24 ਫਰਵਰੀ ਨੂੰ ਆਪਣਾ 59ਵਾਂ ਜਨਮਦਿਨ ਮਨਾ ਰਹੇ ਹਨ। ਹੈਰਾਨੀਜਨਕ ਗੱਲ ਇਹ ਹੈ ਕਿ ਸੰਜੇ ਲੀਲਾ ਭੰਸਾਲੀ ਦੇ ਜਨਮਦਿਨ ਤੋਂ ਇੱਕ ਦਿਨ ਬਾਅਦ ਹੀ 25 ਫਰਵਰੀ ਨੂੰ, ਉਨ੍ਹਾਂ ਦੀ ਮੋਸਟ ਅਵੇਟਿਡ ਫ਼ਿਲਮ 'ਗੰਗੂਬਾਈ ਕਾਠੀਆਵਾੜੀ' ਰਿਲੀਜ਼ ਹੋਣ ਵਾਲੀ ਹੈ।
ਹਾਲਾਂਕਿ ਰਿਲੀਜ਼ ਤੋਂ ਦੋ ਦਿਨ ਪਹਿਲਾਂ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ਨੂੰ ਕਈ ਅਦਾਲਤੀ ਕੇਸਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲਾਂ ਅਸਲੀ ਗੰਗੂਬਾਈ ਦੇ ਪਰਿਵਾਰਕ ਮੈਂਬਰਾਂ ਅਤੇ ਹੁਣ ਕਾਮਾਠੀਪੁਰਾ ਵਾਸੀਆਂ ਨੇ ਫ਼ਿਲਮ 'ਤੇ ਇਤਰਾਜ਼ ਜਤਾਇਆ ਹੈ।
ਦੱਸ ਦਈਏ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ, ਸਗੋਂ ਇਸ ਤੋਂ ਪਹਿਲਾਂ ਵੀ ਸੰਜੇ ਲੀਲਾ ਭੰਸਾਲੀ ਦੀਆਂ ਕਈ ਫਿਲਮਾਂ ਇਸ ਤੋਂ ਵੀ ਵੱਡੇ ਵਿਵਾਦਾਂ ਦਾ ਸਾਹਮਣਾ ਕਰ ਚੁੱਕੀਆਂ ਹਨ। ਸੰਜੇ ਲੀਲਾ ਭੰਸਾਲੀ ਇੱਕ ਅਜਿਹੇ ਫ਼ਿਲਮ ਡਾਇਰੈਕਟਰ ਨੇ ਜੋ ਆਪਣੀ ਕਈ ਫ਼ਿਲਮਾਂ ਦੇ ਲਈ ਸਭ ਤੋਂ ਜ਼ਿਆਦਾ ਟ੍ਰੋਲ ਹੋਏ ਤੇ ਵਿਵਾਦਾਂ ਵਿੱਚ ਰਹੇ ਹਨ।
ਪਦਮਾਵਤੀ
ਪਦਮਾਵਤੀ ਫ਼ਿਲਮ ਨੂੰ ਭੰਸਾਲੀ ਦੀ ਹੁਣ ਤੱਕ ਦੀ ਸਭ ਤੋਂ ਵਿਵਾਦਿਤ ਫ਼ਿਲਮ ਕਿਹਾ ਜਾ ਸਕਦਾ ਹੈ। ਦੀਪਿਕਾ ਪਾਦੂਕੋਣ, ਸ਼ਾਹਿਦ ਕਪੂਰ ਅਤੇ ਰਣਵੀਰ ਸਿੰਘ ਸਟਾਰਰ ਫ਼ਿਲਮ ਤੱਥਾਂ ਨਾਲ ਛੇੜਛਾੜ ਕਰਨ ਅਤੇ ਰਾਜਪੂਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਸੁਰਖੀਆਂ ਵਿੱਚ ਰਹੀ। ਰਾਣੀ ਪਦਮਾਵਤੀ ਦੇ ਜੀਵਨ 'ਤੇ ਆਧਾਰਿਤ ਇਸ ਫ਼ਿਲਮ ਨੂੰ ਰਿਲੀਜ਼ ਤੋਂ ਪਹਿਲਾਂ ਕੁਝ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਵਿਰੋਧ ਇੰਨਾ ਜ਼ਬਰਦਸਤ ਸੀ ਕਿ ਕਰਣੀ ਸੈਨਾ ਨੇ ਜੈਪੁਰ ਦੇ ਜੈਗੜ੍ਹ ਕਿਲ੍ਹੇ ਵਿੱਚ ਫ਼ਿਲਮ ਦੇ ਸੈੱਟ ਨੂੰ ਅੱਗ ਲਾ ਕੇ ਤਬਾਹ ਕਰ ਦਿੱਤਾ ਸੀ। ਇੰਨਾ ਹੀ ਨਹੀਂ ਉਨ੍ਹਾਂ ਨੇ ਭੰਸਾਲੀ ਨੂੰ ਥੱਪੜ ਵੀ ਮਾਰ ਦਿੱਤਾ ਸੀ।
ਬਾਜੀਰਾਓ ਮਸਤਾਨੀ
ਬਾਜੀਰਾਓ ਮਸਤਾਨੀ ਦਾ ਡਾਇਲਾਗ "ਬਾਜੀਰਾਓ ਨੇ ਮਸਤਾਨੀ ਸੇ ਮੁਹੱਬਤ ਕੀ ਅਯਾਸ਼ੀ ਨਹੀਂ" ਨੂੰ ਕੁਝ ਲੋਕਾਂ ਨੇ ਅਸ਼ਲੀਲ ਕਰਾਰ ਦਿੱਤਾ ਅਤੇ ਇਸ ਕਾਰਨ ਫ਼ਿਲਮ ਨੂੰ ਵਿਵਾਦਾਂ 'ਚ ਘਿਰਣ 'ਚ ਦੇਰ ਨਹੀਂ ਲੱਗੀ। ਮਸਤਾਨੀ ਦੇ ਵੰਸ਼ਜਾਂ ਨੂੰ ਫ਼ਿਲਮ ਨਾਲ ਕਈ ਪਰੇਸ਼ਾਨੀਆਂ ਸਨ, ਕਿਉਂਕਿ ਉਨ੍ਹਾਂ ਨੇ ਕਿਹਾ ਕਿ ਫ਼ਿਲਮ ਦੀ ਕਾਸਟ ਉਨ੍ਹਾਂ ਕਿਰਦਾਰਾਂ ਲਈ ਅਨੁਕੂਲ ਨਹੀਂ ਸੀ ਜੋ ਉਹ ਨਿਭਾ ਰਹੇ ਸਨ।
ਹੋਰ ਪੜ੍ਹੋ : ਸ਼ਿਬਾਨੀ ਦਾਂਡੇਕਰ ਨੇ ਸ਼ੇਅਰ ਕੀਤੀਆਂ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ, ਸੋਸ਼ਲ ਮੀਡੀਆ 'ਤੇ ਹੋਈਆਂ ਵਾਇਰਲ
ਗਲੀਓ ਕੀ ਰਾਸਲੀਲਾ ਰਾਮ-ਲੀਲਾ
ਇਸ ਫਿਲਮ ਦਾ ਨਾਂ ਨਾਲ ਹੀ ਕਈਆਂ ਲੋਕ ਨਾਰਾਜ਼ ਸਨ। ਸੰਜੇ ਲੀਲਾ ਭੰਸਾਲੀ ਨੇ ਜਦੋਂ ਵਫਿਲਮ ਦੇ ਨਾਂ ਦਾ ਖੁਲਾਸਾ ਕੀਤਾ ਤਾਂ ਕਈਆਂ ਨੂੰ ਗੁੱਸਾ ਆ ਗਿਆ। ਉਨ੍ਹਾਂ ਕਿਹਾ ਕਿ ਫ਼ਿਲਮ ਵਿੱਚ ਗਲਤ ਤੇ ਅਸ਼ਲੀਲ ਹਰਕਤਾਂ ਕਰਨ ਵਾਲੇ ਕਿਰਦਾਰਾਂ ਲਈ ਦੋ ਪੂਜਨੀਕ ਦੇਵੀ-ਦੇਵਤਿਆਂ ਦੇ ਨਾਂਅ ਵਰਤੇ ਗਏ ਹਨ। ਨਿਰਮਾਤਾਵਾਂ ਦੇ ਖਿਲਾਫ ਐਫਆਈਆਰ ਵੀ ਦਰਜ ਕੀਤੀ ਗਈ ਸੀ ਅਤੇ ਆਖਿਰਕਾਰ ਉਨ੍ਹਾਂ ਨੂੰ ਨਾਂਅ ਬਦਲਣਾ ਪਿਆ ਸੀ।
ਗੁਜਾਰਿਸ਼
ਰਿਤਿਕ ਰੋਸ਼ਨ ਅਤੇ ਐਸ਼ਵਰਿਆ ਰਾਏ ਸਟਾਰਰ ਫਿਲਮ ਵੀ ਵਿਵਾਦਾਂ 'ਚ ਘਿਰ ਗਈ ਸੀ। ਸੰਜੇ ਲੀਲਾ ਭੰਸਾਲੀ 'ਤੇ ਇਸ ਦੀ ਸਕ੍ਰਿਪਟ ਚੋਰੀ ਕਰਨ ਦਾ ਦੋਸ਼ ਸੀ। ਕਿਹਾ ਜਾਂਦਾ ਹੈ ਕਿ ਨਿਰਦੇਸ਼ਕ ਨੇ ਉੱਘੇ ਲੇਖਕ ਦਯਾਨੰਦ ਰਾਜਨ ਦੇ ਅਣਪ੍ਰਕਾਸ਼ਿਤ ਨਾਵਲ 'ਸਮਰ ਸਨੋ' ਤੋਂ ਫ਼ਿਲਮ ਦੀ ਕਹਾਣੀ ਚੋਰੀ ਕੀਤੀ ਹੈ।
ਗੰਗੂਬਾਈ ਕਾਠੀਆਵਾੜੀ
ਸੰਜੇ ਲੀਲਾ ਭੰਸਾਲੀ ਅਜੇ ਆਲਿਆ ਭੱਟ ਸਟਾਰਰ ਫ਼ਿਲਮ ਗੰਗੂਬਾਈ ਕਾਠੀਆਵਾੜੀ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੇ ਹਨ, ਪਰ ਰਿਲੀਜ਼ ਤੋਂ ਪਹਿਲਾਂ ਹੀ ਗੰਗੂਬਾਈ ਮੁਸੀਬਤ ਵਿੱਚ ਹੈ। ਗੰਗੂਬਾਈ ਦੇ ਅਸਲ ਪਰਿਵਾਰ ਦਾ ਕਹਿਣਾ ਹੈ ਕਿ ਫ਼ਿਲਮ ਵਿੱਚ ਉਸ ਦੀ ਮਾਂ ਗੰਗੂ ਨੂੰ ਇੱਕ ਵੇਸਵਾ ਦੇ ਰੂਪ ਵਿੱਚ ਦਿਖਾਇਆ ਗਿਆ ਹੈ। ਜੋ ਕਿ ਗ਼ਲਤ ਹੈ। ਤੁਹਾਨੂੰ ਦੱਸ ਦੇਈਏ ਕਿ ਗੰਗੂਬਾਈ ਕਾਠੀਆਵਾੜੀ 25 ਫਰਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ।
ਹੁਣ ਵੇਖਣਾ ਹੋਵੇਗਾ ਕਿ ਹੋਰਨਾਂ ਫ਼ਿਲਮਾਂ ਵਾਂਗ ਵਿਵਾਦਾਂ ਦੇ ਵਿੱਚ ਰਹਿਣ ਦੇ ਬਾਵਜੂਦ ਫ਼ਿਲਮ ਗੰਗੂਬਾਈ ਕਾਠੀਆਵਾੜੀ ਬਾਕਸ ਆਫਿਸ 'ਤੇ ਧਮਾਲ ਮਚਾ ਸਕੇਗੀ ਜਾਂ ਨਹੀਂ ? ਕੀ ਦਰਸ਼ਕ ਇਸ ਫ਼ਿਲਮ ਨੂੰ ਪਸੰਦ ਕਰਨਗੇ ਜਾਂ ਨਹੀਂ ?