ਬੰਗਲਾ ਟੀਵੀ ਸੀਰੀਅਲਾਂ ਦੀ ਮਸ਼ਹੂਰ ਆਦਾਕਾਰਾ ਪੱਲਵੀ ਡੇ ਖੁਦਕੁਸ਼ੀ ਮਾਮਲੇ ਵਿੱਚ ਇੱਕ ਨਵਾਂ ਅਪਡੇਟ ਸਾਹਮਣੇ ਆਇਆ ਹੈ। ਕੋਲਕਾਤਾ ਪੁਲਿਸ ਨੇ ਅਦਾਕਾਰਾ ਦੇ ਲਿਵ-ਇਨ ਪਾਰਟਨਰ ਸ਼ਾਗਰਨਿਕ ਚੱਕਰਵਰਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਖੁਦਕੁਸ਼ੀ ਤੋਂ ਬਾਅਦ ਪੱਲਵੀ ਦੇ ਪਰਿਵਾਰਕ ਮੈਂਬਰਾਂ ਸ਼ਾਗਰਨਿਕਅਤੇ ਉਸ ਦੇ ਸਾਥੀ ਆਂਦਰੀਲਾ ਖਿਲਾਫ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ।
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਕੋਲਕਾਤਾ ਪੁਲਿਸ ਨੇ ਆਦਾਕਾਰਾ ਪੱਲਵੀ ਡੇ ਦੀ ਮੌਤ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਦੌਰਾਨ ਪੁਲਿਸ ਨੇ ਅਦਾਕਾਰਾ ਦੇ ਲਿਵ-ਇਨ ਪਾਰਟਨਰ ਤੋਂ ਕਾਫੀ ਦੇਰ ਤੱਕ ਪੁੱਛਗਿੱਛ ਕੀਤੀ ਅਤੇ ਬਾਅਦ 'ਚ ਉਸ ਨੂੰ ਗ੍ਰਿਫਤਾਰ ਕਰ ਲਿਆ। ਦੱਸ ਦੇਈਏ ਕਿ ਪੱਲਵੀ ਡੇ ਦੀ ਲਾਸ਼ ਸੋਮਵਾਰ ਨੂੰ ਉਨ੍ਹਾਂ ਦੇ ਕਿਰਾਏ ਦੇ ਘਰ ਵਿੱਚ ਛੱਤ ਵਾਲੇ ਪੱਖੇ ਨਾਲ ਲਟਕਦੀ ਮਿਲੀ ਸੀ। ਅਦਾਕਾਰਾ ਨੂੰ ਤੁਰੰਤ ਬਾਂਗੂਰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।
ਘਰ ਦੇ ਕੇਅਰਟੇਕਰ ਮੁਤਾਬਕ ਸ਼ਾਗਰਨਿਕ ਨੇ ਸਭ ਤੋਂ ਪਹਿਲਾਂ ਅਦਾਕਾਰਾ ਨੂੰ ਫਾਹੇ ਨਾਲ ਲਟਕਦੇ ਦੇਖਿਆ ਸੀ। ਉਸ ਨੇ ਹੀ ਉਨ੍ਹਾਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਪੱਲਵੀ ਦੀ ਲਾਸ਼ ਨੂੰ ਹੇਠਾਂ ਉਤਾਰਿਆ ਗਿਆ ਅਤੇ ਪੁਲਿਸ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਸੂਚਨਾ ਦਿੱਤੀ ਗਈ।
ਸ਼ਾਗਰਨਿਕ ਮੁਤਾਬਕ ਅਦਾਕਾਰਾ ਡਿਪ੍ਰੈਸ਼ਨ ਤੋਂ ਪੀੜਤ ਸੀ। ਸ਼ਾਗਰਨਿਕ ਨੇ ਇਹ ਦਾਅਵਾ ਕੀਤਾ ਕਿ ਉਸ ਨੂੰ ਲੰਬੇ ਸਮੇਂ ਤੋਂ ਕੰਮ ਨਹੀਂ ਮਿਲ ਰਿਹਾ ਸੀ, ਜਿਸ ਕਾਰਨ ਉਹ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਗਈ ਸੀ। ਹਾਲਾਂਕਿ ਪੱਲਵੀ ਡੇ ਦੇ ਪਰਿਵਾਰ ਨੇ ਇਨ੍ਹਾਂ ਗੱਲਾਂ ਤੋਂ ਇਨਕਾਰ ਕੀਤਾ ਹੈ।
ਪੱਲਵੀ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਸ਼ਾਗਰਨਿਕ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਹੈ। ਉਸ ਨੇ ਇਹ ਗੱਲ ਪੱਲਵੀ ਤੋਂ ਲੁੱਕੋ ਕੇ ਰੱਖੀ ਹੋਈ ਸੀ। ਉਸ ਦੇ ਕਈ ਔਰਤਾਂ ਨਾਲ ਸਬੰਧ ਵੀ ਸਨ। ਜਦੋਂ ਪੱਲਵੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਇਸ ਗੱਲ ਨੂੰ ਬਰਦਾਸ਼ਤ ਨਾਂ ਕਰ ਸਕੀ, ਜਿਸ ਦੇ ਚੱਲਦੇ ਉਸ ਨੇ ਖ਼ੁਦਕੁਸ਼ੀ ਦਾ ਕਦਮ ਚੁੱਕ ਲਿਆ।
ਹੋਰ ਪੜ੍ਹੋ : ਕਭੀ ਈਦ ਕਭੀ ਦੀਵਾਲੀ: ਆਪਣੇ ਪਹਿਲੇ ਬਾਲੀਵੁੱਡ ਡੈਬਿਊ ਦੌਰਾਨ ਸਿਧਾਰਥ ਸ਼ੁਕਲਾ ਨੂੰ 'ਮਿਸ' ਕਰ ਰਹੀ ਹੈ ਸ਼ਹਿਨਾਜ਼ ਗਿੱਲ
ਪਰਿਵਾਰ ਨੇ ਦਾਅਵਾ ਕੀਤਾ ਕਿ ਸ਼ਾਗਰਨਿਕ ਪੱਲਵੀ ਦੇ ਪੈਸਿਆਂ 'ਤੇ ਨਜ਼ਰ ਰੱਖ ਰਿਹਾ ਸੀ। ਦੋਹਾਂ ਦੀ 15 ਲੱਖ ਦੀ ਸਾਂਝੀ ਐਫਡੀ ਵੀ ਮਿਲੀ ਹੈ। ਫਿਲਹਾਲ ਪੁਲਿਸ ਅਭਿਨੇਤਰੀ ਅਤੇ ਸ਼ਾਗਰਨਿਕ ਦੇ ਫੋਨ ਨੂੰ ਕਬਜ਼ੇ 'ਚ ਲੈ ਕੇ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।