ਨਿੰਜਾ ਦੀ ਆਵਾਜ਼ 'ਚ ਰਿਲੀਜ਼ ਹੋਇਆ ‘ਅਮਾਨਤ’ ਫ਼ਿਲਮ ਦਾ ਰੋਮਾਂਟਿਕ ਗੀਤ ‘ਜ਼ਿੰਦਗੀ’, ਦੇਖੋ ਵੀਡੀਓ

ਪੰਜਾਬੀ ਅਦਾਕਾਰ ਧੀਰਜ ਕੁਮਾਰ ਦੀ ਆਉਣ ਵਾਲੀ ਫ਼ਿਲਮ ‘ਅਮਾਨਤ’ ਦਾ ਪਹਿਲਾ ਰੋਮਾਂਟਿਕ ਗੀਤ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ‘ਜ਼ਿੰਦਗੀ’ ਟਾਈਟਲ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਨਿੰਜਾ ਨੇ ਆਪਣੀ ਮਿੱਠੀ ਆਵਾਜ਼ ‘ਚ ਗਾਇਆ ਹੈ। ਇਸ ਗੀਤ ਨੂੰ ਧੀਰਜ ਕੁਮਾਰ ਤੇ ਨੇਹਾ ਪਵਾਰ ਉੱਤੇ ਫਿਲਮਾਇਆ ਗਿਆ ਹੈ।
ਇਸ ਰੋਮਾਂਟਿਕ ਗੀਤ ਦੇ ਬੋਲ ਜੱਗੀ ਸੰਘੇੜਾ ਦੀ ਕਲਮ ‘ਚੋਂ ਨਿਕਲੇ ਨੇ ਮਿਊਜ਼ਿਕ ਕੇ.ਵੀ ਸਿੰਘ ਨੇ ਦਿੱਤਾ ਹੈ। ਇਸ ਗੀਤ ਨੂੰ ਯੈਲੋ ਮਿਊਜ਼ਿਕ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।
ਅਮਾਨਤ ਫ਼ਿਲਮ ਨੂੰ ਰੋਆਇਲ ਸਿੰਘ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਫ਼ਿਲਮ ‘ਚ ਰੁਪਿੰਦਰ ਰੂਪੀ, ਹਨੀ ਮੱਟੂ, ਸੰਜੀਵ ਅੱਤਰੀ, ਮਹਾਬੀਰ ਭੁੱਲਰ, ਰੋਆਇਲ ਸਿੰਘ, ਪਵਨ ਸਿੰਘ ਵਰਗੇ ਕਈ ਨਾਮੀ ਪੰਜਾਬੀ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਸ ਫ਼ਿਲਮ ਨੂੰ NK CINE ਦੀ ਪ੍ਰੋਡਕਸ਼ਨ ‘ਚ ਬਣਾਇਆ ਗਿਆ ਹੈ। ਵੱਖਰੀ ਲਵ ਸਟੋਰੀ ਵਾਲੀ ਫ਼ਿਲਮ ‘ਅਮਾਨਤ’ ਨੂੰ 13 ਦਸੰਬਰ ਪੀਟੀਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵੱਲੋਂ ਪੂਰੀ ਦੁਨੀਆਂ ‘ਚ ਰਿਲੀਜ਼ ਕੀਤਾ ਜਾਵੇਗਾ।