ਐਮੀ ਵਿਰਕ ਦੀ ਫ਼ਿਲਮ ‘ਆਜਾ ਮੈਕਸੀਕੋ ਚੱਲੀਏ’ ਦਾ ਟ੍ਰੇਲਰ ਬਿਆਨ ਕਰ ਰਿਹਾ ਹੈ ਡੌਂਕੀ ਲਾਕੇ ਅਮਰੀਕਾ ਜਾਣ ਵਾਲੇ ਨੌਜਵਾਨਾਂ ਦੀਆਂ ਮਜ਼ਬੂਰੀਆਂ ਅਤੇ ਦੁੱਖਾਂ ਦੀ ਕਹਾਣੀ, ਦੇਖੋ ਟ੍ਰੇਲਰ
Aaja Mexico Challiye Trailer: ਐਮੀ ਵਿਰਕ (Ammy Virk )ਦੀ ਆਉਣ ਵਾਲੀ ਫ਼ਿਲਮ ਆਜਾ ਮੈਕਸੀਕੋ ਚੱਲੀਏ ਜਿਸ ਦੀ ਦਰਸ਼ਕ ਬਹੁਤ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ। ਫ਼ਿਲਮ ਦੇ ਪੋਸਟਰ ਤੋਂ ਬਾਅਦ ਟ੍ਰੇਲਰ ਨੇ ਧੂਮਾਂ ਪਾ ਦਿੱਤੀਆਂ ਨੇ। ਫ਼ਿਲਮ ਦਾ ਸ਼ਾਨਦਾਰ ਟ੍ਰੇਲਰ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕਿਆ ਹੈ। ਦੱਸ ਦਈਏ ਫ਼ਿਲਮ ‘ਚ ਗੈਰ ਕਾਨੂੰਨੀ ਤਰੀਕੇ ਨਾਲ ਮੈਕਸੀਕੋ ਰਾਹੀਂ ਅਮਰੀਕਾ ਵਰਗੇ ਦੇਸ਼ ‘ਚ ਪਹੁੰਚਣ ਦੀ ਕੋਸ਼ਿਸ ਕਰਦੇ ਪੰਜਾਬੀਆਂ ਦੀਆਂ ਮੁਸ਼ਕਿਲਾਂ ਤੇ ਦੁੱਖਾਂ ਨੂੰ ਪੇਸ਼ ਕੀਤਾ ਜਾਵੇਗਾ।
Image Source: Instagram
ਜੇ ਗੱਲ ਕਰੀਏ ‘ਆਜਾ ਮੈਕਸੀਕੋ ਚੱਲੀਏ’ ਦੇ ਟ੍ਰੇਲਰ ਦੀ ਤਾਂ ਉਹ ਬਹੁਤ ਹੀ ਕਮਾਲ ਦਾ ਹੈ। 3 ਮਿੰਟ 23 ਸੈਕਿੰਡ ਵਾਲੇ ਦਾ ਇਹ ਟ੍ਰੇਲਰ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰ ਰਿਹਾ ਹੈ। ਟ੍ਰੇਲਰ ‘ਚ ਕਾਮੇਡੀ ਤੇ ਇਮੋਸ਼ਨਲ ਪਰਿਵਾਰਕ ਡਰਾਮਾ ਦੇਖਣ ਨੂੰ ਮਿਲ ਰਿਹਾ ਹੈ। ਟ੍ਰੇਲਰ ‘ਚ ਦਿਖਾਇਆ ਗਿਆ ਹੈ ਕਿਵੇਂ ਇੱਕ ਨੌਜਵਾਨ ਯਾਨੀਕਿ ਐਮੀ ਵਿਰਕ ਅਮਰੀਕਾ ਜਾਣ ਦੇ ਸੁਫ਼ਨੇ ਦੇਖਦਾ ਹੈ । ਆਪਣੇ ਘਰ ਦੀਆਂ ਤੰਗੀਆਂ ਨੂੰ ਦੂਰ ਕਰਨ ਲਈ ਵਿਦੇਸ਼ ਜਾਣਾ ਚਾਹੁੰਦਾ ਹੈ । ਫਿਰ ਜਦੋਂ ਉਹ ਟਰੈਵਲ ਏਜੰਟਾਂ ਦਾ ਹੱਥ ਚੜ੍ਹਦਾ ਹੈ ਜੋ ਕਿ ਉਸ ਨੂੰ ਦੱਸਦੇ ਨੇ ਇੱਕ ਨੰਬਰ ‘ਚ ਅਮਰੀਕਾ ਪਹੁੰਚਣ ‘ਚ ਤਾਂ ਬਹੁਤ ਸਾਰੇ ਸਾਲਾਂ ਦਾ ਲੰਬਾ ਸਮਾਂ ਲੱਗੇਗਾ। ਫਿਰ ਟਰੈਵਲ ਏਜੈਂਟ ਉਸ ਨੂੰ ਡੌਂਕੀ ਲਾਕੇ ਗੈਰ ਕਾਨੂੰਨੀ ਤਰੀਕੇ ਨਾਲ ਮੈਕਸੀਕੋ ਰਾਹੀਂ ਅਮਰੀਕਾ ਵਰਗੇ ਦੇਸ਼ ‘ਚ ਪਹੁੰਚਣ ਦਾ ਪ੍ਰਬੰਧ ਕਰ ਦਿੰਦੇ ਨੇ। ਜਦੋਂ ਉਹ ਮੈਕਸੀਕੋ ਵਰਗੇ ਦੇਸ਼ ‘ਚ ਪਹੁੰਚਦਾ ਹੈ ਤਾਂ ਉਸ ਨੂੰ ਕਈ ਹੋਰ ਪੰਜਾਬੀ ਨੌਜਵਾਨ ਮਿਲਦੇ ਜੋ ਕਿ ਡੌਂਕੀ ਲਾ ਕੇ ਅਮਰੀਕਾ ਪਹੁੰਚਣ ਦਾ ਸੁਫ਼ਨਾ ਲੈ ਕੇ ਆਏ ਨੇ। ਦੱਸ ਦਈਏ ਟ੍ਰੇਲਰ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ ਜਿਸ ਕਰਕੇ ਟ੍ਰੇਲਰ ਟਰੈਂਡਿੰਗ 'ਚ ਨੰਬਰ ਇੱਕ ਤੇ ਚੱਲ ਰਿਹਾ ਹੈ।
ਹੋਰ ਪੜ੍ਹੋ : ਬਠਿੰਡਾ ‘ਚ ਮਿਸ ਪੀਟੀਸੀ ਪੰਜਾਬੀ 2022 ਦੇ Pre Auditions ਲਈ ਮੁਟਿਆਰਾਂ ਹੋ ਜਾਣ ਤਿਆਰ
ਟ੍ਰੇਲਰ ‘ਚ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੇ ਕਲਾਕਾਰ ਵੀ ਨਜ਼ਰ ਆ ਰਹੇ ਨੇ। ਟ੍ਰੇਲਰ ‘ਚ ਕੁਝ ਦ੍ਰਿਸ਼ ਅਜਿਹੇ ਨੇ ਜੋ ਕਿ ਭਾਵੁਕ ਕਰ ਜਾਂਦੇ ਨੇ, ਪਰ ਦਰਸ਼ਕਾਂ ਨੂੰ ਵੀ ਕਾਮੇਡੀ ਦਾ ਪੰਚ ਦੇਣ ‘ਚ ਕੋਈ ਕਮੀ ਨਹੀਂ ਛੱਡੀ ਗਈ। ਕਿਵੇਂ ਨੌਜਵਾਨ ਆਪਣੀ ਮਜ਼ਬੂਰੀਆਂ ਕਰਕੇ ਕਰਜ਼ੇ ਚੁੱਕ ਕੇ ਅਮਰੀਕਾ ਵਰਗੇ ਦੇਸ਼ ‘ਚ ਆਪਣੇ ਕਾਮਯਾਬੀ ਵਾਲੇ ਸੁਫਨੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਨੇ। ਜਿਸ ਕਰਕੇ ਉਹ ਡੌਂਕੀ ਵਰਗੇ ਰਾਹ ਤੇ ਵੀ ਚੱਲ ਪੈਂਦੇ ਨੇ। ਡੌਂਕੀ ਅਜਿਹਾ ਗੈਰ ਕਾਨੂੰਨੀ ਢੰਗ ਹੈ ਜਿਸ ‘ਚ ਕਈ ਨੌਜਵਾਨ ਮਾਫਿਆ ਦੇ ਹੱਥ ਚੜ ਜਾਂਦੇ ਨੇ ਤੇ ਕਈ ਵਾਰ ਆਪਣੀ ਜਾਨਾਂ ਤੋਂ ਹੱਥ ਧੋ ਲੈਂਦੇ ਨੇ।
ਇਹ ਫ਼ਿਲਮ ਮਾੜੀਆਂ ਸਰਕਾਰਾਂ ਉੱਤੇ ਵੀ ਸਵਾਲੀਆ ਨਿਸ਼ਾਨ ਚੁੱਕਦੀ ਹੈ। ਤਾਂਹੀ ਪੰਜਾਬ ਦੇ ਨੌਜਵਾਨ ਆਪਣੀ ਮਜ਼ਬੂਰੀਆਂ ਤੇ ਤੰਗੀਆਂ, ਬੇਰੁਜ਼ਗਾਰੀਆਂ ਕਰਕੇ ਵਿਦੇਸ਼ਾਂ ਵੱਲ ਦਾ ਰੁਖ਼ ਕਰਨ ਲਈ ਮਜ਼ਬੂਰ ਨੇ। ਇਸ ਫ਼ਿਲਮ ਦੇ ਰਾਹੀਂ ਪ੍ਰਦੇਸ਼ਾਂ ‘ਚ ਡੌਂਕੀ ਲਾਕੇ ਪ੍ਰਵੇਸ਼ ਕਰਦੇ ਪੰਜਾਬੀਆਂ ਦੀ ਕਹਾਣੀ ਨੂੰ ਪੇਸ਼ ਕੀਤਾ ਜਾਵੇਗਾ। ਇਸ ਫ਼ਿਲਮ ‘ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਕਲਾਕਾਰ ਇਕੱਠੇ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਜੀ ਹਾਂ ਇਸ ਫ਼ਿਲਮ ‘ਚ ਸੁਖਵਿੰਦਰ ਚਾਹਲ, ਹਨੀ ਮੱਟੂ, ਨਾਸਿਰ ਚਿਨੌਤੀ, ਜ਼ਫ਼ਰੀ ਖ਼ਾਨ ਤੇ ਕਈ ਹੋਰ ਕਲਾਕਾਰ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਰਾਕੇਸ਼ ਧਵਨ ( Rakesh Dhawan )ਨੇ ਲਿਖਿਆ ਤੇ ਡਾਇਰੈਕਟ ਕੀਤਾ ਗਿਆ ਹੈ । ਉਨ੍ਹਾਂ ਨੇ ਇਸ ਫ਼ਿਲਮ ਦੇ ਨਾਲ ਡਾਇਰੈਕਸ਼ਨ ‘ਚ ਕਦਮ ਰੱਖਿਆ ਹੈ। ਇਸ ਤੋਂ ਪਹਿਲਾਂ ਉਹ ਚੱਲ ਮੇਰਾ ਪੁੱਤ ਤੇ ਹੌਸਲਾ ਰੱਖ ਵਰਗੀਆਂ ਕਮਾਲ ਦੀਆਂ ਫ਼ਿਲਮਾਂ ਦੀਆਂ ਕਹਾਣੀਆਂ ਦੇ ਚੁੱਕੇ ਹਨ। ਇਹ ਫ਼ਿਲਮ ਐਮੀ ਵਿਰਕ ਦੀ ਖੁਦ ਦੀ ਹੋਮ ਪ੍ਰੋਡਕਸ਼ਨ ਹੇਠ ਤਿਆਰ ਹੋਈ ਹੈ। ਹੁਣ ਇਹ ਫ਼ਿਲਮ 25 ਫਰਵਰੀ ਨੂੰ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਣ ਲਈ ਤਿਆਰ ਹੈ।